ਸਾਹਨੇਵਾਲ (ਹਨੀ) : ਇਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸਾਹਨੇਵਾਲ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਚ ਚਾਈਨਾ ਡੋਰ ਚੋਰੀ-ਛੁਪੇ ਵੇਚੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਨੇਵਾਲ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਭਾਵੇਂ ਸਰਕਾਰ ਵੱਲੋਂ ਇਸ ਘਾਤਕ ਚਾਈਨਾ ਡੋਰ ਨੂੰ ਵੇਚਣ 'ਤੇ ਪੂਰਨ ਰੂਪ 'ਚ ਪਾਬੰਦੀ ਲਾਈ ਹੋਈ ਹੈ ਪਰ ਕੁਝ ਲੋਕ ਆਪਣੇ ਚੰਦ ਰੁਪਇਆਂ ਦੇ ਮੁਨਾਫੇ ਖਾਤਰ ਆਮ ਲੋਕਾਂ ਅਤੇ ਪੰਛੀਆਂ ਦੀਆਂ ਜ਼ਿੰਦਗੀਆਂ ਨਾਲ ਇਹ ਚਾਈਨਾ ਡੋਰ ਵੇਚ ਕੇ ਖਿਲਵਾੜ ਕਰ ਰਹੇ ਹਨ। ਇਸੇ ਤਰ੍ਹਾਂ ਕਸਬਾ ਸਾਹਨੇਵਾਲ 'ਚ ਇਸ ਚਾਈਨਾ ਡੋਰ ਨਾਲ ਜਿੱਥੇ ਕਈ ਵਿਅਕਤੀ ਜ਼ਖਮੀ ਹੋਏ ਹਨ, ਉਥੇ ਪੰਛੀ ਵੀ ਇਸ ਦੀ ਮਾਰ ਹੇਠ ਆ ਰਹੇ ਹਨ ਅਤੇ ਇਸ ਡੋਰ 'ਚ ਫਸ ਕੇ ਕਈ ਪੰਛੀਆਂ ਨੇ ਤਾਂ ਆਪਣੀ ਜਾਨ ਹੀ ਗੁਆ ਦਿੱਤੀ। ਇਸੇ ਤਰ੍ਹਾਂ ਚਾਈਨਾ ਡੋਰ 'ਚ ਫਸ ਕੇ ਆਪਣੀ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰ ਰਹੇ ਇਕ ਪੰਛੀ ਨੂੰ ਲੋਕਾਂ ਨੇ ਬਚਾਇਆ ਅਤੇ ਉਸ ਨੂੰ ਡੋਰ 'ਚੋਂ ਕੱਢ ਕੇ ਆਜ਼ਾਦ ਕਰਵਾਇਆ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਇਨਸਾਨ ਤੇ ਪੰਛੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ।
ਵਿਰੋਧੀਆਂ ਦੇ ਕਾਗਜ਼ ਦਾਖਲ ਨਾ ਹੋ ਕਾਰਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ
NEXT STORY