ਲੁਧਿਆਣਾ (ਰਾਜ): ਮਹਾਨਗਰ ਵਿਚ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਉਗਰਾਹੀ ਕਰਨ ਦੇ ਮਾਮਲੇ ਥੰਮਣ ਦਾ ਨਾਮ ਨਹੀਂ ਲੈ ਰਹੇ ਹਨ। ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪਣੇ ਹੀ ਬਿਜ਼ਨੈੱਸ ਪਾਰਟਨਰ ਨੇ ਰੈਸਟੋਰੈਂਟ ਮਾਲਕ ਨੂੰ ਮੌਤ ਦਾ ਖੌਫ਼ ਦਿਖਾ ਕੇ ਲੱਖਾਂ ਰੁਪਏ ਦੀ ਮੰਗ ਕੀਤੀ। ਮੁਲਜ਼ਮ ਵੱਲੋਂ ਵਿਦੇਸ਼ੀ ਨੰਬਰਾਂ ਦਾ ਸਹਾਰਾ ਲੈ ਕੇ ਪੀੜਤ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਪੂਰਾ ਪਰਿਵਾਰ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜਬੂਰ ਹੈ। ਹਾਲਾਂਕਿ, ਥਾਣਾ ਸਰਾਭਾ ਨਗਰ ਪੁਲਸ ਨੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਸਿਮਰਨਜੀਤ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ 'ਤੇ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਦੇ ਰੈਸਟੋਰੈਂਟ ਦੀ ਫ੍ਰੈਂਚਾਈਜ਼ੀ ਖਰੀਦੀ ਸੀ। ਦੋਸ਼ ਹੈ ਕਿ 23 ਫਰਵਰੀ ਦੀ ਰਾਤ ਨੂੰ ਸਿਮਰਨਜੀਤ ਸਿੰਘ ਨੇ ਸਾਜ਼ਿਸ਼ ਤਹਿਤ ਪੀੜਤ ਦੇ ਮੋਬਾਈਲ ਨੰਬਰ 'ਤੇ ਅਲੱਗ-ਅਲੱਗ ਵਿਦੇਸ਼ੀ ਨੰਬਰਾਂ ਤੋਂ ਕਾਲ ਕੀਤੇ। ਮੁਲਜ਼ਮ ਨੇ ਫ਼ੋਨ 'ਤੇ ਪੀੜਤ ਨਾਲ ਜੰਮ ਕੇ ਗਾਲੀ-ਗਲੋਚ ਕੀਤੀ ਅਤੇ ਸਿੱਧੇ ਤੌਰ 'ਤੇ 5 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੂੰ 5 ਲੱਖ ਰੁਪਏ ਨਹੀਂ ਦਿੱਤੇ ਗਏ, ਤਾਂ ਉਹ ਪੀੜਤ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਪੀੜਤ ਨੇ ਦੱਸਿਆ ਕਿ ਫ਼ੋਨ ਕਾਲ ਦੌਰਾਨ ਮੁਲਜ਼ਮ ਦਾ ਲਹਿਜ਼ਾ ਬੇਹੱਦ ਹਿੰਸਕ ਸੀ, ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਜਾਨ ਦਾ ਖ਼ਤਰਾ ਸਤਾ ਰਿਹਾ ਹੈ। ਫਿਲਹਾਲ ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।
ਭਗਵੰਤ ਮਾਨ ਨੇ ਚੁਟਕਲੇ ਸੁਣਾ ਬਣਾਈ ਸਰਕਾਰ, ਹੁਣ ਬਚਣ ਦੀ ਲੋੜ: ਪਰਗਟ ਸਿੰਘ
NEXT STORY