ਮੁੱਲਾਂਪੁਰ ਦਾਖਾ (ਕਾਲੀਆ)- ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਹੁਣ ਅਹਿਮ ਫੈਸਲਾ ਲਿਆ ਹੈ ਕਿ ਜੇਕਰ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਹੈ, ਜਿਸ ਤਹਿਤ ਦੁਕਾਨਾਂ ’ਤੇ ਛਾਪੇਮਾਰੀ ਜਾਰੀ ਹੈ। ਡੀ. ਐੱਸ. ਪੀ. ਖੋਸਾ ਨੇ ਦੱਸਿਆ ਕਿ ਚਾਈਨਾ ਡੋਰ ਜਾਨਵਰਾਂ, ਪੰਛੀਆਂ ਅਤੇ ਮਨੁੱਖੀ ਜਾਨਾਂ ਲਈ ਘਾਤਕ ਹੈ, ਇਸ ਲਈ ਜਿਹੜੇ ਬੱਚੇ ਮਕਾਨਾਂ ਦੀਅਾਂ ਛੱਤਾਂ ’ਤੇ ਪਤੰਗ ਉਡਾਉਂਦੇ ਹਨ, ਉਨ੍ਹਾਂ ਦੀ ਡੋਰ ਚੈੱਕ ਕਰਨ ਲਈ ਹੁਣ ਪੁਲਸ ਮੁਲਾਜ਼ਮ ਘਰਾਂ ਦੀਆਂ ਛੱਤਾਂ ’ਤੇ ਵੀ ਜਾ ਕੇ ਡੋਰ ਦੀ ਚੈਕਿੰਗ ਕਰਨਗੇ, ਤਾਂ ਜੋ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
ਜੇਕਰ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਮਾਂ-ਪਿਓ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ, ਕਿਉਂਕਿ ਮਾਂ-ਪਿਓ ਹੀ ਬੱਚਿਆਂ ਨੂੰ ਪਤੰਗ ਉਡਾਉਣ ਲਈ ਡੋਰ ਲਿਆ ਕੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਪਿਛਲੇ ਕਈ ਦਿਨਾਂ ’ਚ ਕਈ ਬੱਚੇ ਅਤੇ ਵਿਅਕਤੀ ਚਾਈਨਾ ਡੋਰ ਦਾ ਸ਼ਿਕਾਰ ਬਣੇ ਹਨ।
ਡੀ. ਐੱਸ. ਪੀ. ਖੋਸਾ ਨੇ ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਵਿਰੁੱਧ ਸੂਚਨਾ ਥਾਣਾ ਦਾਖਾ ਨੂੰ ਦੇਣ। ਉਨ੍ਹਾਂ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ, ਅਜਿਹਾ ਕਰਨ ਨਾਲ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਅਤੇ ਵੇਚਣ ਵਾਲਿਆਂ ਨੂੰ ਜਲਦੀ ਕਾਬੂ ਕਰਨਾ ਸੰਭਵ ਹੈ।
ਨਾਜਾਇਜ਼ ਹਥਿਆਰਾਂ ਸਾਹਮਣੇ ਖਾਕੀ ਹੋਈ ਬੇਅਸਰ : ਸ਼ਰੇਆਮ ਮੌਤ ਵੰਡ ਰਹੇ ਅਪਰਾਧੀ
NEXT STORY