ਸਮਾਨਾ (ਸ਼ਸ਼ੀਪਾਲ) — ਸਿਟੀ ਪੁਲਸ ਸਮਾਨਾ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਭਵਾਨੀਗੜ੍ਹ ਰੋਡ ਸਮਾਨਾ 'ਚ ਇਕ ਸਕੋਡਾ ਕਾਰ ਤੋਂ 15 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਸਮੇਤ ਇਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਵਿਰੁੱਧ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਸ ਸਬੰਧੀ ਸਿਟੀ ਪੁਲਸ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਦੇ ਏ. ਐੱਸ. ਆਈ. ਨਿਸ਼ਾਨ ਸਿੰਘ ਨੇ ਪੁਲਸ ਪਾਰਟੀ ਸਮੇਤ ਪੈਟਰੋਲਿੰਗ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਭਵਾਨੀਗੜ੍ਹ ਰੋਡ 'ਤੇ ਆ ਰਹੀ ਸਕੋਡਾ ਕਾਰ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ ਤੋਂ 15 ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ ਤੇ ਕਾਰ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ।
ਉਸ ਦੀ ਪਛਾਣ ਲਖਮੀਤ ਸਿੰਘ ਨਿਵਾਸੀ ਪਿੰਡ ਵਟਰਿਆਣਾ ਜ਼ਿਲਾ ਸੰਗਰੂਰ ਦੇ ਤੌਰ 'ਤੇ ਕੀਤੀ ਗਈ ਪਰ ਸਕੋਡਾ ਗੱਡੀ ਤੇ ਸ਼ਰਾਬ ਸਮੇਤ ਤਸਕਰ ਨੂੰ ਪੁਲਸ ਵਲੋਂ ਕਾਬੂ ਕਰਨ ਦੀ ਇਹ ਕਹਾਣੀ ਇਸੇ ਘਟਨਾ ਸਬੰਧੀ ਵਾਇਰਲ ਹੋਈ ਵੀਡੀਓ ਤੇ ਤਸਵੀਰਾਂ ਨਾਲ ਮੇਲ ਨਹੀਂ ਖਾ ਰਹੀ ਹੈ। ਇਸ ਸਬੰਧੀ ਸ਼ੁੱਕਵਾਰ ਸ਼ਾਮ ਪੱਤਰਕਾਰਾਂ ਵਲੋਂ ਸੀ. ਆਈ. ਏ. ਪ੍ਰਮੁੱਖ ਗੁਰਦੀਪ ਸਿੰਘ ਨਾਲ ਵੀ ਗੱਲ ਕੀਤੀ ਗਈ ਪਰ ਉਨ੍ਹਾਂ ਨੇ ਦੱਸਿਆ ਕਿ ਇਸ ਸਕੋਡਾ ਕਾਰ ਨੂੰ ਸਿਟੀ ਪੁਲਸ ਨੇ ਇਥੇ ਰੱਖਿਆ ਹੈ, ਜਦ ਕਿ ਸਿਟੀ ਪੁਲਸ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਤੋਂ ਇਨਕਾਰ ਕਰਦੀ ਰਹੀ ਪਰ ਮੀਡੀਆ ਦੇ ਵਾਰ-ਵਾਰ ਪੁੱਛਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਉਕਤ ਸਕੋਡਾ ਚਾਲਕ ਦੇ ਖਿਲਾਫ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ।
ਤੇਜ਼ ਬਾਰਿਸ਼ ਨੇ ਕੀਤਾ ਭਾਰੀ ਨੁਕਸਾਨ, ਹਜ਼ਾਰਾਂ ਏਕੜ ਨਰਮੇ ਅਤੇ ਝੋਨੇ ਦੀ ਫਸਲ ਤਬਾਹ
NEXT STORY