ਨਵਾਂਸ਼ਹਿਰ(ਮਨੋਰੰਜਨ)— ਸਿਹਤ ਵਿਭਾਗ ਪੰਜਾਬ ਵੱਲੋਂ ਸਿਵਲ ਹਸਪਤਾਲ 'ਚ ਮੌਤ ਹੋਣ 'ਤੇ ਲਾਸ਼ ਨੂੰ ਸਨਮਾਨ ਨਾਲ ਘਰ ਲਿਜਾਣ ਲਈ 500 ਰੁਪਏ ਖਰਚੇ ਦੇ ਤੌਰ 'ਤੇ ਮੁਹੱਈਆ ਕਰਵਾਏਗਾ। ਵਿਭਾਗ ਵੱਲੋਂ ਇਸ ਸਬੰਧੀ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਲਾਸ਼ ਲਿਜਾਣ 'ਚ ਅਸਮਰੱਥ ਪਰਿਵਾਰ ਤੋਂ ਸਿਵਲ ਸਰਜਨ ਇਕ ਫਾਰਮ ਭਰਵਾ ਕੇ 500 ਰੁਪਏ ਉਨ੍ਹਾਂ ਨੂੰ ਦੇਵੇ ਤਾਂ ਕਿ ਪਰਿਵਾਰ ਵਾਲੇ ਲਾਸ਼ ਨੂੰ ਐਂਬੂਲੈਂਸ ਜਾਂ ਹੋਰ ਸਾਧਨਾਂ ਰਾਹੀਂ ਸਨਮਾਨ ਨਾਲ ਘਰ ਲਿਜਾ ਸਕਣ। ਸਰਕਾਰ ਦੇ ਹੁਕਮ ਤਤਕਾਲ ਸਿਵਲ ਹਸਪਤਾਲਾਂ 'ਚ ਲਾਗੂ ਕਰ ਦਿੱਤੇ ਗਏ ਹਨ। ਸੂਤਰ ਦੱਸਦੇ ਹਨ ਕਿ ਇਸ ਯੋਜਨਾ ਸਬੰਧੀ ਸਿਹਤ ਵਿਭਾਗ ਵੱਲੋਂ ਅਜੇ ਤੱਕ ਕੋਈ ਫੰਡ ਨਹੀਂ ਜਾਰੀ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫੰਡ ਨਹੀਂ ਆਉਂਦਾ, ਉਦੋਂ ਤੱਕ ਇਸ ਦਾ ਭੁਗਤਾਨ ਯੂਜ਼ਰ ਚਾਰਜ ਤੋਂ ਹੋਵੇਗਾ।
ਸਿਵਲ ਹਸਪਤਾਲ 'ਚ ਮੌਤ ਹੋਣ 'ਤੇ ਉਸ ਸਮੇਂ ਤਾਇਨਾਤ ਡਾਕਟਰ ਲਾਸ਼ ਰਿਲੀਜ਼ ਕਰਨ ਲਈ ਆਰਡਰ ਜਾਰੀ ਕਰੇਗਾ। ਉਹ ਵਾਰਿਸਾਂ ਤੋਂ ਲਾਸ਼ ਲਿਜਾਣ ਸਬੰਧੀ ਜਾਣਕਾਰੀ ਲੈ ਕੇ ਪ੍ਰੋਫਾਰਮਾ ਭਰੇਗਾ। ਮ੍ਰਿਤਕ ਦੇ ਵਾਰਿਸਾਂ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਕੋਲ ਲਾਸ਼ ਲਿਜਾਣ ਲਈ ਕੋਈ ਪ੍ਰਬੰਧ ਹੈ ਜਾਂ ਨਹੀਂ, ਜੇਕਰ ਨਹੀਂ ਤਾਂ ਵਾਰਿਸਾਂ ਨੂੰ ਪੰਜ ਸੌ ਰੁਪਏ ਤੱਕ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚੋਂ ਲਿਜਾਣ ਵਾਲੀ ਹਰ ਲਾਸ਼ ਦੇ ਵਾਰਿਸਾਂ ਤੋਂ ਪੁੱਛ ਕੇ ਉਨ੍ਹਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇਗੀ।
ਕ੍ਰਿਕਟ ਨੂੰ ਲੈ ਕੇ ਹੋਇਆ ਸੀ ਵਿਵਾਦ, ਗੁੱਸੇ 'ਚ ਆਏ ਨੌਜਵਾਨ ਨੇ ਕੀਤਾ ਗੰਡਾਸੇ ਨਾਲ ਵਾਰ
NEXT STORY