ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਕੁਲਗੜ੍ਹੀ ਅਧੀਨ ਆਉਂਦੇ ਇਲਾਕੇ 'ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੂੰ ਮੋਬਾਇਲ ’ਤੇ ਧਮਕੀਆਂ ਭਰੇ ਪੱਤਰ ਮਿਲਣ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਥਾਣਾ ਕੁਲਗੜ੍ਹੀ ਦੀ ਪੁਲਸ ਨੇ ਪੀੜਤ ਦੇ ਬਿਆਨ ਦੇ ਆਧਾਰ ’ਤੇ ਦੋਵੇਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਤ੍ਰਿਲੋਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਭੇਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਪ੍ਰਤਾਪ ਨਗਰ, ਫਰੀਦਕੋਟ ਰੋਡ, ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ 9 ਜੁਲਾਈ 2025 ਨੂੰ ਸਵੇਰੇ ਉਸ ਦੇ ਮੋਬਾਈਲ ਨੰਬਰ ’ਤੇ ਇੱਕ ਅਣਜਾਣ ਮੋਬਾਇਲ ਨੰਬਰ ’ਤੇ ‘ਅਲੀ ਚੈਟ 33 ਲਿਖਿਆ ਹੋਇਆ ਸੀ। ਇਸ ਤੋਂ ਬਾਅਦ 20 ਜੁਲਾਈ 2025 ਨੂੰ ਰਾਤ ਕਰੀਬ 11.40 ਵਜੇ, ਜਦੋਂ ਗੁਰਭੇਜ ਸਿੰਘ ਅਤੇ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾ ਕੇ ਸੌਂ ਗਏ ਸਨ ਤਾਂ ਉਸ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਗੁਰਭੇਜ ਸਿੰਘ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਹ ਤੁਰੰਤ ਘਰ ਦੇ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਦੋ ਮੋਟਰਸਾਈਕਲ ਸਵਾਰ ਹਵਾਈ ਫਾਇਰਿੰਗ ਕਰਦੇ ਹੋਏ ਫਰੀਦਕੋਟ ਵੱਲ ਭੱਜ ਗਏ। ਪੀੜਤ ਨੇ ਤੁਰੰਤ ਪੁਲਸ ਨੂੰ ਇਸ ਸਬੰਧੀ ਸੂਚਿਤ ਕੀਤਾ। ਸਹਾਇਕ ਥਾਣੇਦਾਰ ਤ੍ਰਿਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ, ਹਾਲਾਤ ਦੇਖ ਕੰਬੇ ਲੋਕ
NEXT STORY