ਕਪੂਰਥਲਾ (ਓਬਰਾਏ)— ਇਥੋਂ ਦੇ ਸਰਕਾਰੀ ਹਸਪਤਾਲ 'ਚੋਂ ਹਵਾਲਾਤੀ ਗੁਰਭੇਜ ਸਿੰਘ ਭੇਜਾ ਨੂੰ ਸਾਥੀਆਂ ਵੱਲੋਂ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਤੋਂ ਸਿਵਲ ਹਸਪਤਾਲ ਕਪੂਰਥਲਾ 'ਚ ਮੈਡੀਕਲ ਚੈੱਕਅਪ ਕਰਵਾਉਣ ਆਏ ਇਕ ਗੈਂਗਸਟਰ ਨੂੰ 4 ਗੈਂਗਸਟਰਾਂ ਨੇ ਹਵਾਈ ਫਾਇਰਿੰਗ ਕਰਦੇ ਹੋਏ ਪੁਲਸ ਹਿਰਾਸਤ 'ਚੋਂ ਛੁਡਾ ਲਿਆ। ਇਸ ਦੌਰਾਨ ਪਿੱਛਾ ਕਰਕੇ ਸਿਟੀ ਪੁਲਸ ਨੇ 2 ਗੈਂਗਸਟਰਾਂ ਨੂੰ ਇਕ ਨਾਜਾਇਜ਼ ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ 3 ਮੋਬਾਇਲਾਂ ਸਮੇਤ ਗ੍ਰਿਫਤਾਰ ਕਰ ਲਿਆ ਜਦ ਕਿ ਛੁਡਵਾਏ ਗਏ ਗੈਂਗਸਟਰ ਅਤੇ ਉਸ ਦੇ 2 ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਮੁਹਿੰਮ ਜਾਰੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਤੋਂ ਜੇਲ ਦੀ ਗਾਰਦ 3 ਗੈਂਗਸਟਰਾਂ ਗੁਰਭੇਜ ਸਿੰਘ ਭੇਜਾ ਪੁੱਤਰ ਸੁਲਿੰਦਰ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ, ਅਜੈ ਕੁਮਾਰ ਪੁੱਤਰ ਗੁਰਮੀਤ ਸਿੰਘ ਅਤੇ ਵਿਜੈ ਪੁੱਤਰ ਰਮੇਸ਼ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ।
ਕਰੀਬ 1.15 ਵਜੇ ਕਾਂਸਟੇਬਲ ਜਤਿੰਦਰ ਸਿੰਘ ਜਦੋਂ ਗੈਂਗਸਟਰ ਵਿਜੈ ਕੁਮਾਰ ਦਾ ਡਾਕਟਰ ਕੋਲੋਂ ਚੈੱਕਅਪ ਕਰਵਾ ਰਿਹਾ ਸੀ ਤਾਂ ਇਸ ਦੌਰਾਨ ਹਰਭੇਜ ਸਿੰਘ ਭੇਜਾ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਕਾਂਸਟੇਬਲ ਕੇਹਰ ਸਿੰਘ ਨੂੰ ਧੱਕਾ ਮਾਰ ਕੇ ਭੱਜ ਨਿਕਲਿਆ। ਇਸ ਦੌਰਾਨ 4 ਮੁਲਜ਼ਮ ਮੌਕੇ 'ਤੇ ਆਏ ਅਤੇ ਗੰਨ ਪੁਆਇੰਟ 'ਤੇ ਗੁਰਭੇਜ ਸਿੰਘ ਉਰਫ ਭੇਜਾ ਨੂੰ ਛੁਡਵਾ ਕੇ ਫਰਾਰ ਹੋ ਗਏ, ਜਦਕਿ ਪੁਲਸ ਟੀਮ ਨੇ 2 ਮੁਲਜ਼ਮਾਂ ਸਰਵਨ ਸਿੰਘ ਸੰਨੀ ਪੁੱਤਰ ਹੀਰਾ ਸਿੰਘ ਨਿਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਅਤੇ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ। ਦੋਵਾਂ ਖਿਲਾਫ ਥਾਣਾ ਸਿਟੀ ਕਪੂਰਥਲਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
'ਕਿਰਨ ਖੇਰ' ਲਈ ਪਤੀ ਨੇ ਘਰ-ਘਰ ਮੰਗੀਆਂ ਵੋਟਾਂ
NEXT STORY