ਪਾਇਲ (ਵਿਪਨ) : ਪਾਇਲ ਦੇ ਸਿਵਲ ਹਸਪਤਾਲ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਇੱਥੇ ਆਉਣ ਵਾਲੇ ਮਰੀਜ਼ ਦੁਖੀ ਹੋ ਜਾਂਦੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਦਵਾਈਆਂ ਮਿਲਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਵਾਲੇ ਡਾਕਟਰ ਹੀ ਹਸਪਤਾਲ 'ਚ ਮੌਜੂਦ ਹੁੰਦੇ ਹਨ। ਜਦੋਂ 'ਜਗਬਾਣੀ' ਦੀ ਟੀਮ ਹਸਪਤਾਲ ਦਾ ਦੌਰਾ ਕਰਨ ਪੁੱਜੀ ਤਾਂ ਦੇਖਿਆ ਕਿ ਹਸਪਤਾਲ ਦਾ ਸਟਾਫ ਐਕਸਪਾਇਰ ਦਵਾਈਆਂ ਨੂੰ ਨਸ਼ਟ ਕਰਨ 'ਚ ਲੱਗਾ ਹੋਇਆ ਸੀ, ਜਦੋਂ ਕਿ ਡਾਕਟਰਾਂ ਦੇ ਕਮਰਿਆਂ ਨੂੰ ਜਿੰਦੇ ਲੱਗੇ ਸਨ।
ਹਸਪਤਾਲ ਦੇ ਮਰੀਜ਼ਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਮਹਿੰਗੇ ਭਾਅ 'ਤੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣ ਲਈ ਮਜਬੂਰ ਹਨ ਕਿਉਂਕਿ ਇਸ ਹਸਪਤਾਲ 'ਚ ਦਵਾਈਆਂ ਅਤੇ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਹਨ। ਮਰੀਜਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਅੰਦਰ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣ। ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਹਰੀ ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਲੈਣੀਆਂ ਪੈਂਦੀਆਂ ਹਨ ਅਤੇ ਟੈਸਟ ਵੀ ਸਪੈਸ਼ਲ ਲੈਬਾਰਟਰੀਆਂ ਦੇ ਹੀ ਮੰਨੇ ਜਾਂਦੇ ਹਨ ਅਤੇ ਜੇਕਰ ਕੋਈ ਮਰੀਜ਼ ਡਾਕਟਰ ਦੀ ਦੱਸੀ ਲੈਬਾਰਟਰੀ ਤੋਂ ਟੈਸਟ ਨਹੀਂ ਕਰਾਉਂਦਾ ਤਾਂ ਡਾਕਟਰ ਉਸ ਨੂੰ ਚੈੱਕ ਹੀ ਨਹੀਂ ਕਰਦਾ।
ਜਦੋਂ ਇਸ ਸਬੰਧੀ ਐੱਸ. ਐੱਮ. ਓ. ਨਾਲ ਹਰਪ੍ਰੀਤ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਡਾਕਟਰਾਂ ਦੀ ਘਾਟ ਤਾਂ ਹੈ ਕਿਉਂਕਿ ਡਾਕਟਰਾਂ ਦੀਆਂ 5 ਪੋਸਟਾਂ ਹਨ ਪਰ ਉਨ੍ਹਾਂ ਕੋਲ ਸਿਰਫ 2 ਡਾਕਟਰ ਮੌਜੂਦ ਹਨ ਪਰ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦਵਾਈਆਂ ਆਪਣੀ ਮਰਜ਼ੀ ਨਾਲ ਬਾਹਰੋਂ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਐਕਸਪਾਇਰ ਦਵਾਈਆਂ ਸਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ।
ਖੇਤਾਂ 'ਚ ਕੰਮ ਕਰਦੇ ਕਿਸਾਨ ਦੀ ਦਵਾਈ ਚੜ੍ਹਨ ਕਾਰਣ ਮੌਤ
NEXT STORY