ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ , ਖੁਰਾਣਾ): ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿੱਚ ਹਵਾਲਾਤੀਆਂ ਵਿਚਾਲੇ ਹੋਈ ਖੂਨੀ ਝੜਪ ਤੋਂ ਬਾਅਦ ਥਾਣਾ ਸਦਰ ਵਿਖੇ 4 ਹਵਾਲਾਤੀਆਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਲੜਾਈ ਦੌਰਾਨ ਇੱਕ ਹਵਾਲਾਤੀ ਗੰਭੀਰ ਜ਼ਖ਼ਮੀ ਹੋਇਆ ਹੈ, ਜਦਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਜੇਲ੍ਹ ਕਰਮਚਾਰੀ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਹਨ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਜ਼ਖ਼ਮੀ ਹਵਾਲਾਤੀ ਹਰਕੰਵਲਜੀਤ ਸਿੰਘ ਉਰਫ਼ ਹਰਕੰਵਲਪ੍ਰੀਤ ਸਿੰਘ ਉਰਫ਼ ਲਾਡੀ (ਵਾਸੀ ਪਿੰਡ ਬੱਲੂਆਣਾ ਬਠਿੰਡਾ) ਨੇ ਦੱਸਿਆ ਕਿ 5 ਜੁਲਾਈ 2026 ਨੂੰ ਉਹ ਆਪਣੀ ਬੈਰਕ ਵਿੱਚ ਬਿਸਤਰੇ 'ਤੇ ਲੇਟਿਆ ਹੋਇਆ ਸੀ। ਇਸੇ ਦੌਰਾਨ ਉਸੇ ਬੈਰਕ ਵਿੱਚ ਬੰਦ ਚਾਰ ਹੋਰ ਹਵਾਲਾਤੀਆਂ ਨੇ ਉਸ ਉੱਪਰ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਵੱਜੀਆਂ।
ਪੀੜਤ ਮੁਤਾਬਕ ਹਮਲਾਵਰਾਂ ਨੇ ਗੁੰਡਾਗਰਦੀ ਕਰਦਿਆਂ ਬੈਰਕ ਵਿੱਚ ਲੱਗੀ ਸਰਕਾਰੀ ਐੱਲ.ਈ.ਡੀ. ਟੀਵੀ ਵੀ ਤੋੜ ਦਿੱਤੀ। ਜਦੋਂ ਜੇਲ੍ਹ ਦੇ ਵਾਰਡਰ ਜਗਸੀਰ ਸਿੰਘ ਨੇ ਬਚਾਅ ਕਰਨ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਵਾਲਾਤੀਆਂ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ।
ਸਹਾਇਕ ਸੁਪਰੀਡੈਂਟ ਜ਼ਿਲ੍ਹਾ ਜੇਲ੍ਹ ਵੱਲੋਂ ਭੇਜੇ ਪੱਤਰ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਵੱਲੋਂਜਗਜੀਤ ਸਿੰਘ ਉਰਫ਼ ਗੱਬਰ (ਵਾਸੀ ਗੋਨੇਆਣਾ ਰੋਡ, ਸਫੈਦਾ ਬਸਤੀ, ਮੁਕਤਸਰ), ਗੁਰਦੀਪ ਸਿੰਘ ਉਰਫ਼ ਦੀਪੂ (ਵਾਸੀ ਪਿੰਡ ਅਬੁਲ ਖੁਰਾਣਾ),ਅੰਗਰੇਜ਼ ਸਿੰਘ ਉਰਫ਼ ਨਵਦੀਪ ਸਿੰਘ ਉਰਫ਼ ਨਵੀ (ਵਾਸੀ ਕਰਾਈਵਾਲਾ) ਅਤੇ ਪਵਨ ਗੋਦਾਰਾ (ਵਾਸੀ ਹਰੀਪੁਰਾ) ਖ਼ਿਲਾਫ਼ ਭਾਰਤੀ ਏਕਤਾ ਨਿਆਂ ਸੰਹਿਤਾ ਦੀਆਂ ਵੱਖ -ਵੱਖ ਧਾਰਾਵਾਂ ਤਹਿਤ ਅਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਸਬੰਧੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਉਕਤ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਚਾਰੇ ਮੁਲਜ਼ਮਾਂ ਦੀ (ਇਸ ਕੇਸ ਵਿਚ) ਰਸਮੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਅੰਮ੍ਰਿਤਸਰ: 6 ਮਹੀਨਿਆਂ ਦੀ ਰਿਕਾਰਡ ਤੋੜ ਰਿਪੋਰਟ, ਹੈਰੋਇਨ ਦੀ ਰਿਕਵਰੀ ਦੇ ਅੰਕੜੇ ਕਰਨਗੇ ਹੈਰਾਨ
NEXT STORY