ਪਟਿਆਲਾ(ਰਾਜੇਸ਼ ਪੰਜੌਲਾ)- ਮਿਸ਼ਨ 2022 ਨੂੰ ਫਤਿਹ ਕਰਨ ਲਈ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਚ ਤਾਲਮੇਲ ਬਿਠਾਉਣ ਲਈ ਕਾਂਗਰਸ ਹਾਈਕਮਾਂਡ ਹਰ ਸੰਭਵ ਯਤਨ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਅਤੇ ਡੇਢ ਦਰਜਨ ਵਿਭਾਗਾਂ ਦੇ ਮੰਤਰੀ ਤੇ 6 ਵਾਰ ਵਿਧਾਇਕ ਰਹਿ ਚੁੱਕੇ ਮੰਡੀ ਬੋਰਡ ਦੇ ਮੌਜੂਦਾ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ ਮੁੱਖ ਮੰਤਰੀ ਕੈਪਟਨ ਅਤੇ ਸਿੱਧੂ ਵਿਚ ‘ਬ੍ਰਿਜ’ ਦੀ ਭੂਮਿਕਾ ਨਿਭਾਉਣਗੇ। ਇਸ ਤੋਂ ਪਹਿਲਾਂ ਵੀ ਕੈ. ਅਮਰਿੰਦਰ ਸਿੰਘ ਹਮੇਸ਼ਾ ਕਾਂਗਰਸ ਪਾਰਟੀ ਨੂੰ ਇਕਜੁਟ ਰੱਖਣ ’ਚ ਭੂਮਿਕਾ ਨਿਭਾਉਂਦੇ ਰਹੇ ਹਨ।
ਕਾਂਗਰਸ ’ਤੇ ਕਈ ਵਾਰ ਸੰਕਟ ਆਏ, ਕਈ ਵਾਰ ਕਾਂਗਰਸ ਪਾਰਟੀ ਟੁੱਟੀ ਪਰ ਲਾਲ ਸਿੰਘ ਇਕਮਾਤਰ ਅਜਿਹੇ ਲੀਡਰ ਹਨ, ਜਿਹੜੇ ਹਮੇਸ਼ਾ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨਾਲ ਖੜ੍ਹੇ ਰਹੇ। ਇਹੀ ਕਾਰਨ ਹੈ ਕਿ ਕਾਂਗਰਸ ਹਾਈਕਮਾਂਡ ਦਾ ਲਾਲ ਸਿੰਘ ਪ੍ਰਤੀ ਵਿਸ਼ੇਸ਼ ਸਨਮਾਨ ਹੈ। ਲਾਲ ਸਿੰਘ ਚਾਹੁੰਦੇ ਹਨ ਕਿ ਕੈ. ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇਕਜੁਟ ਰਹਿਣ ਕਿਉਂਕਿ ਪੰਜਾਬ ਦਾ ਮੌਜੂਦਾ ਰਾਜਨੀਤਕ ਵਾਤਾਵਰਣ ਕਾਂਗਰਸ ਦੇ ਹੱਕ ਵਿਚ ਹੈ। ਜੇਕਰ ਦੋਵੇਂ ਆਗੂ ਇਕਜੁੱਟ ਰਹਿੰਦੇ ਹਨ ਤਾਂ ਕਾਂਗਰਸ ਇਤਿਹਾਸਕ ਜਿੱਤ ਹਾਸਲ ਕਰ ਸਕਦੀ ਹੈ। ਪੰਜਾਬ ਸਰਕਾਰ ਅਤੇ ਹੋਰਨਾਂ ਏਜੰਸੀਆਂ ਵਲੋਂ ਕਰਵਾਏ ਗਏ ਸਰਵੇ ਸਪੱਸ਼ਟ ਕਰਦੇ ਹਨ ਕਿ ਮੌਜੂਦਾ ਸਮੇਂ ਪੰਜਾਬ ਦਾ ਰਾਜਨੀਤਕ ਵਾਤਾਵਰਣ ਕਾਂਗਰਸ ਪਾਰਟੀ ਦੇ ਹੱਕ ਵਿਚ ਹੈ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸੀ ਵਰਕਰ ਸਰਗਰਮ ਹੋਏ ਹਨ ਅਤੇ ਪੰਜਾਬ ਭਰ ਵਿਚ ਪਾਰਟੀ ਪੂਰੀ ਤਰ੍ਹਾਂ ਐਕਟੀਵੇਟ ਹੋ ਗਈ ਹੈ। ਕਾਂਗਰਸ ਹਾਈਕਮਾਂਡ ਇਸ ਵਾਤਾਵਰਣ ਦਾ ਲਾਭ ਲੈਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਜੇਕਰ ਲਾਲ ਸਿੰਘ ਮੌਜੂਦਾ ਕੈਬਨਿਟ ਦਾ ਹਿੱਸਾ ਹੁੰਦੇ ਤਾਂ ਅਫਸਰਸ਼ਾਹੀ ਨਹੀਂ ਹੋਣੀ ਸੀ ਭਾਰੂ
ਪੰਜਾਬ ਦੇ ਸਮੂਹ ਕਾਂਗਰਸੀ ਵਿਧਾਇਕ, ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਅਕਸਰ ਕਹਿੰਦੇ ਹਨ ਕਿ ਜੇਕਰ ਲਾਲ ਸਿੰਘ ਕੈ. ਅਮਰਿੰਦਰ ਸਿੰਘ ਦੀ ਮੌਜੂਦਾ ਕੈਬਨਿਟ ਦਾ ਹਿੱਸਾ ਹੁੰਦੇ ਤਾਂ ਅਫਸਰਸ਼ਾਹੀ ਨੂੰ ਭਾਰੂ ਨਾ ਹੋਣ ਦਿੰਦੇ। 2002 ਵਾਲੀ ਕੈ. ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਲਾਲ ਸਿੰਘ ਖਜ਼ਾਨਾ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਸਿੰਚਾਈ ਮੰਤਰੀ ਸਮੇਤ ਹੋਰ ਕਈ ਅਹਿਮ ਵਿਭਾਗਾਂ ਦੇ ਮੰਤਰੀ ਰਹੇ ਹਨ। ਉਸ ਸਮੇਂ ਕਾਂਗਰਸੀ ਵਰਕਰਾਂ ਦੀ ਪੂਰੀ ਸੁਣਵਾਈ ਹੁੰਦੀ ਸੀ ਅਤੇ ਅਫਸਰਸ਼ਾਹੀ ਸਿਰਫ ਸਰਕਾਰ ਦੇ ਫੈਸਲੇ ਲਾਗੂ ਕਰਨ ਤੱਕ ਸੀਮਤ ਸੀ। ਉਸ ਦਾ ਰਾਜਨੀਤਕ ਫੈਸਲਿਆਂ ਵਿਚ ਕੋਈ ਦਖਲ ਨਹੀਂ ਸੀ। ਮੌਜੂਦਾ ਸਮੇਂ ਜ਼ਿਆਦਾਤਰ ਮੰਤਰੀਆਂ ਦੀ ਕੋਈ ਸੁਣਵਾਈ ਨਹੀਂ। ਕਈ ਵਿਭਾਗਾਂ ਦੇ ਪ੍ਰਿੰਸੀਪਲ ਸੈਕਟਰੀ ਆਪਣੇ ਮੰਤਰੀਆਂ ਦੀ ਪਰਵਾਹ ਨਹੀਂ ਕਰਦੇ। ਕੋਈ ਵੀ ਮੰਤਰੀ ਮੁੱਖ ਮੰਤਰੀ ਕੋਲ ਜਾ ਕੇ ਆਪਣੇ ਵਿਭਾਗ ਦੀ ਅਹਿਮ ਫਾਈਲ ਕਲੀਅਰ ਨਹੀਂ ਕਰਵਾ ਸਕਦਾ। ਸਭ ਨੂੰ ਆਪਣੇ ਕੰਮ ਕਰਵਾਉਣ ਲਈ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੀਆਂ ‘ਲੇਲੜੀਆਂ’ ਕੱਢਣੀਆਂ ਪੈਂਦੀਆਂ ਹਨ, ਜਿਸ ਕਰਕੇ ਹੀ ਮੰਤਰੀ ਅਤੇ ਵਿਧਾਇਕਾਂ ਵਿਚ ਕੈ. ਅਮਰਿੰਦਰ ਸਿੰਘ ਪ੍ਰਤੀ ਗੁੱਸਾ ਹੈ। ਅਕਸਰ ਕਾਂਗਰਸੀ ਕਹਿੰਦੇ ਹਨ ਕਿ ਮੁੱਖ ਮੰਤਰੀ ਬਿਲਕੁਲ ਠੀਕ ਹਨ ਪਰ ਉਨ੍ਹਾਂ ਦੇ ਆਲੇ ਦੁਆਲੇ ਜਿਹੜੀ ਅਫਸਰਸ਼ਾਹੀ ਹੈ, ਉਹ ਕਾਂਗਰਸ ਦੀ ਬੇੜੀ ਵਿਚ ਬੱਟੇ ਪਾ ਰਹੀ ਹੈ। ਜੇਕਰ ਲਾਲ ਸਿੰਘ ਕੈਬਨਿਟ ਵਿਚ ਹੁੰਦੇ ਤਾਂ ਉਨ੍ਹਾਂ ਅਫਸਰਸ਼ਾਹੀ ਦੀ ਲਗਾਮ ਕੱਸ ਕੇ ਰੱਖਣੀ ਸੀ। ਉਹ ਸਮੇਂ ਸਮੇਂ ’ਤੇ ਵਿਧਾਇਕਾਂ ਦੀਆਂ ਮੁਲਾਕਾਤਾਂ ਮੁੱਖ ਮੰਤਰੀ ਨਾਲ ਕਰਵਾਉਂਦੇ ਰਹਿੰਦੇ ਅਤੇ ਵਿਧਾਇਕਾਂ ਦੇ ਕੰਮ ਖੁੱਦ ਕਰਵਾਉਂਦੇ ਰਹਿੰਦੇ, ਜਿਸ ਕਰਕੇ ਵਿਧਾਇਕ ਮੁੱਖ ਮੰਤਰੀ ਤੋਂ ਖੁਸ਼ ਰਹਿੰਦੇ। 2002 ਵਿਚ ਵੀ ਉਨ੍ਹਾਂ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਅਤੇ ਮੁੱਖ ਮੰਤਰੀ ਵਿਚ ਕੜੀ ਦਾ ਕੰਮ ਕੀਤਾ ਸੀ, ਇਸ ਵਾਰ ਇਹ ਕੜੀ ਗਾਇਬ ਹੈ, ਜਿਸ ਕਰਕੇ ਇੰਨੀ ਵੱਡੀ ਗਿਣਤੀ ਵਿਚ ਵਿਧਾਇਕ ਮੁੱਖ ਮੰਤਰੀ ਤੋਂ ਨਾਰਾਜ਼ ਹਨ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)
ਲਾਲ ਸਿੰਘ ’ਤੇ ਕੈ. ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਹਾਈਕਮਾਂਡ ਕਰਦੀ ਹੈ ਵਿਸ਼ਵਾਸ
ਮੌਜੂਦਾ ਕਾਂਗਰਸੀ ਵਿਧਾਇਕਾਂ ’ਚੋਂ ਸਿਰਫ ਲਾਲ ਸਿੰਘ ਹੀ ਇਕਮਾਤਰ ਅਜਿਹੇ ਵਿਧਾਇਕ ਹਨ ਜਿਹੜੇ 1977 ਵਿਚ ਵਿਧਾਇਕ ਬਣੇ ਸਨ। ਉਹ ਸਭ ਤੋਂ ਪੁਰਾਣੇ ਕਾਂਗਰਸੀ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਵਿਸ਼ਵਾਸ਼ਪਾਤਰ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਿਤਾ ਨਾਲ ਉਨ੍ਹਾਂ ਦੇ ਅਤਿ ਨਜ਼ਦੀਕੀ ਸਬੰਧ ਸਨ, ਜਿਸ ਕਰਕੇ ਸਿੱਧੂ ਵੀ ਉਨ੍ਹਾਂ ’ਤੇ ਵਿਸ਼ਵਾਸ਼ ਕਰਦੇ ਹਨ। ਕਾਂਗਰਸ ਹਾਈਕਮਾਂਡ ਪਹਿਲਾਂ ਹੀ ਲਾਲ ਸਿੰਘ ’ਤੇ ਪੂਰਾ ਵਿਸ਼ਵਾਸ਼ ਕਰਦੀ ਹੈ। ਲਾਲ ਸਿੰਘ ਦਾ ਇਕ ਏਜੰਡਾ ਹੁੰਦਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇ। ਉਹ ਬੇਸ਼ੱਕ ਕੁੱਝ ਬਣਨ ਨਾ ਬਣਨ ਪਰ ਕਾਂਗਰਸ ਦਾ ਝੰਡਾ ਬੁਲੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਇਸ ਸੋਚ ਕਰਕੇ ਹੀ ਸਮੁੱਚੀ ਕਾਂਗਰਸ ਉਨ੍ਹਾਂ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਗੱਲ ਨੂੰ ਤਵੱਜੋ ਦਿੰਦੀ ਹੈ। ਲਾਲ ਸਿੰਘ ਕਾਂਗਰਸ ਨੂੰ ਇਕਜੁਟ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ, ਜਿਸ ਕਰਕੇ ਹੀ ਹਾਈਕਮਾਂਡ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ ਦੇ ਮੁੱਖ ਸੈਕਟਰੀ ਬਣੇ ਸੁਰਿੰਦਰਪਾਲ
ਤਾਜਪੋਸ਼ੀ ਤੋਂ ਦੋ ਦਿਨ ਪਹਿਲਾਂ ਸੀ. ਐੱਮ. ਨਾਲ ਸਿਸਵਾਂ ਫਾਰਮ ’ਚ ਕਰ ਕੇ ਆਏ ਸਨ ਲੰਚ
ਕਾਂਗਰਸ ਪਾਰਟੀ ਦੇ ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਦੋ ਦਿਨ ਪਹਿਲਾਂ ਸਿਸਵਾਂ ਫਾਰਮ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਲੰਚ ਕਰਕੇ ਆਏ ਸਨ। ਉਹ ਲਗਭਗ ਤਿੰਨ ਘੰਟੇ ਸਿਸਵਾਂ ਫਾਰਮ ਵਿਚ ਰਹੇ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨਾਲ ਸਮੁੱਚੇ ਰਾਜਨੀਤਕ ਵਾਤਾਵਰਣ ਬਾਰੇ ਚਰਚਾ ਕੀਤੀ ਅਤੇ ਕੈ. ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਜਾਣ ਲਈ ਮਨਾਇਆ। ਲਾਲ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਕਾਂਗਰਸ ਪਾਰਟੀ ਦਾ ਸਮਾਗਮ ਹੈ, ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਹਨ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ, ਇਸ ਲਈ ਉਨ੍ਹਾਂ ਦਾ ਸਮਾਗਮ ਵਿਚ ਜਾਣਾ ਬੇਹੱਦ ਜ਼ਰੂਰੀ ਹੈ। ਲਾਲ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਆਪਣਾ ਮਨ ਬਣਾਇਆ ਅਤੇ ਤਾਜਪੋਸ਼ੀ ਸਮਾਗਮ ਵਿਚ ਕਾਂਗਰਸ ਦੀ ਏਕਤਾ ਦਿਖਾਈ ਦਿੱਤੀ।
ਭਵਾਨੀਗੜ੍ਹ ਦੇ ਪਿੰਡ ‘ਮੱਟਰਾਂ’ ’ਚ ਫੈਲਿਆ ਡਾਇਰੀਆ, 50 ਲੋਕ ਹੋਏ ਸ਼ਿਕਾਰ
NEXT STORY