ਚੰਡੀਗੜ੍ਹ (ਅਸ਼ਵਨੀ) - ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-2018 'ਚ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਨੇ ਉਤਰੀ ਜ਼ੋਨ ਦੇ ਸੂਬਿਆਂ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਵੱਲੋਂ ਬੀਤੀ ਸ਼ਾਮ ਇੰਦੌਰ ਵਿਖੇ ਕਰਵਾਏ ਸਮਾਗਮ 'ਚ ਸਵੱਛ ਸਰਵੇਖਣ 'ਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ। ਇਸ ਸਰਵੇਖਣ 'ਚ ਪੰਜਾਬ ਨੇ ਕੌਮੀ ਪੱਧਰ 'ਤੇ ਵੀ ਆਪਣੀ ਰੈਂਕਿੰਗ 'ਚ ਸੁਧਾਰ ਕਰਦਿਆਂ 9ਵਾਂ ਸਥਾਨ ਹਾਸਲ ਕੀਤਾ। ਸਵੱਛ ਸਰਵੇਖਣ 'ਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਡੂ, ਕਰਨਾਟਕ, ਕੇਰਲ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉੱਤਰੀ ਜ਼ੋਨ ਦੇ 1008 ਸ਼ਹਿਰਾਂ 'ਚੋਂ ਪੰਜਾਬ ਦੇ 42 ਸ਼ਹਿਰਾਂ ਨੇ ਉੱਤਰੀ ਜ਼ੋਨ ਦੇ ਪਹਿਲੇ 100 ਸ਼ਹਿਰਾਂ 'ਚ ਸਥਾਨ ਹਾਸਲ ਕਰ ਕੇ ਸਿੱਧ ਕੀਤਾ ਕਿ ਪੰਜਾਬ ਦੇ ਸ਼ਹਿਰਾਂ ਵਿਚ ਸਾਫ-ਸਫਾਈ ਤੇ ਸੈਨੀਟੇਸ਼ਨ ਖੇਤਰ ਵਿਚ ਵੱਡੀ ਤਬਦੀਲੀ ਆਈ ਹੈ। ਇੰਦੌਰ ਵਿਖੇ ਹੋਏ ਐਵਾਰਡ ਵੰਡ ਸਮਾਰੋਹ ਵਿਚ ਉੱਤਰੀ ਜ਼ੋਨ ਦੀਆਂ ਚਾਰ ਕੈਟੇਗਰੀਆਂ ਵਿਚੋਂ ਪੰਜਾਬ ਨੇ 2 ਐਵਾਰਡ ਜਿੱਤੇ। ਇਹ ਐਵਾਰਡ ਸੂਬੇ ਦੇ ਦੋ ਕਸਬਿਆਂ ਭਾਦਸੋਂ ਤੇ ਮੂਨਕ ਨੇ ਜਿੱਤੇ। ਭਾਦਸੋਂ ਨੇ ਸਰਵੋਤਮ ਸਫਾਈ ਵਾਲੇ ਕਸਬੇ ਅਤੇ ਮੂਨਕ ਨੇ ਸ਼ਹਿਰੀਆਂ ਵੱਲੋਂ ਸਰਵੋਤਮ ਫੀਡਬੈਕ ਵਾਲੇ ਕਸਬੇ ਦਾ ਐਵਾਰਡ ਜਿੱਤਿਆ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਸਰਵੇਖਣ ਵਿਚ ਪੰਜਾਬ ਦੀ ਮਾਣਮੱਤੀ ਪ੍ਰਾਪਤੀ 'ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਸਵੱਛ ਭਾਰਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਅਜੋਏ ਸ਼ਰਮਾ ਸਮੇਤ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਵਿਭਾਗ ਦੇ ਕਰਮਚਾਰੀਆਂ ਦੀ ਮਿਹਨਤ ਅਤੇ ਸ਼ਹਿਰੀਆਂ ਦੇ ਸਹਿਯੋਗ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸਵੱਛ ਸਰਵੇਖਣ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਸ਼ਹਿਰਾਂ ਦੀ ਸਫਾਈ ਅਤੇ ਸੈਨੀਟੇਸ਼ਨ ਸੁਵਿਧਾਵਾਂ ਵਿਚ ਵਿਭਾਗ ਨੇ ਹੋਰ ਸੁਧਾਰ ਲਿਆਂਦਾ ਹੈ, ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2017 ਵਿਚ ਇਕ ਲੱਖ ਤੋਂ ਘੱਟ ਵੱਸੋਂ ਵਾਲੇ ਸ਼ਹਿਰਾਂ ਵਿਚ ਸਰਵੇਖਣ ਕਰਵਾਇਆ ਗਿਆ ਸੀ, ਜਿਸ ਵਿਚ ਪੰਜਾਬ ਦੇ 16 ਸ਼ਹਿਰਾਂ ਨੇ ਹਿੱਸਾ ਲਿਆ ਸੀ। ਇਸ ਵਾਰ ਕਰਵਾਏ ਗਏ ਸਰਵੇਖਣ ਵਿਚ ਪੰਜਾਬ ਦੇ ਸ਼ਹਿਰਾਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ। ਵੱਡੇ ਸ਼ਹਿਰਾਂ ਵਿਚ ਕਰਵਾਏ ਸਰਵੇਖਣ ਵਿਚ ਪਿਛਲੇ ਸਾਲ ਪੰਜਾਬ ਦੇ 7 ਸ਼ਹਿਰ ਆਖਰੀ 100 ਸ਼ਹਿਰਾਂ ਦੀ ਸੂਚੀ ਵਿਚ ਸਨ ਜਦੋਂਕਿ ਇਸ ਵਾਰ 6 ਸ਼ਹਿਰ ਇਸ ਸੂਚੀ ਵਿਚ ਆਏ ਅਤੇ ਆਪਣੀ ਰੈਂਕਿੰਗ ਸੁਧਾਰੀ। ਇਸ ਵਾਰ ਦੇਸ਼ ਦੇ 485 ਸ਼ਹਿਰਾਂ ਵਿਚੋਂ ਪੰਜਾਬ ਦਾ ਸਿਰਫ ਇਕ ਸ਼ਹਿਰ ਆਖਰੀ 100 ਵਿਚ ਆਇਆ।
ਨਵਜੋਤ ਸਿੱਧੂ ਦੇ ਹੁਕਮ 'ਤੇ ਮਾਡਲ ਟਾਊਨ ਦੀਆਂ 4 ਬਿਲਡਿੰਗਾਂ ਦੀ ਹੋਈ ਪੈਮਾਇਸ਼
NEXT STORY