ਨੈਸ਼ਨਲ ਡੈਸਕ- ਝਾਰਖੰਡ ਦੇ ਚਾਈਬਾਸਾ ਸਦਰ ਹਸਪਤਾਲ ਦੀ ਇੱਕ ਅਜਿਹੀ ਖ਼ੌਫ਼ਨਾਕ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ 5 ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਹਸਪਤਾਲ ਦੇ ਬਲੱਡ ਬੈਂਕ ਵੱਲੋਂ ਕਥਿਤ ਤੌਰ 'ਤੇ ਸੰਕਰਮਿਤ ਖ਼ੂਨ ਚੜ੍ਹਾਉਣ ਕਾਰਨ ਥੈਲੇਸੀਮੀਆ ਤੋਂ ਪੀੜਤ 5 ਬੱਚੇ HIV ਸੰਕਰਮਣ ਦਾ ਸ਼ਿਕਾਰ ਹੋ ਗਏ ਹਨ। ਇਸ ਗੰਭੀਰ ਮਾਮਲੇ ਨੂੰ ਲੈ ਕੇ ਹੁਣ ਝਾਰਖੰਡ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਭਾਰੀ ਮੁਆਵਜ਼ੇ ਅਤੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਦੀ ਗਾਰੰਟੀ ਮੰਗੀ ਹੈ।
ਇਹ ਦਰਦਨਾਕ ਘਟਨਾ ਅਕਤੂਬਰ 2025 ਦੀ ਦੱਸੀ ਜਾ ਰਹੀ ਹੈ। ਇਹ ਪੰਜੋਂ ਬੱਚੇ, ਜਿਨ੍ਹਾਂ ਦੀ ਉਮਰ 5 ਤੋਂ 7 ਸਾਲ ਦੇ ਵਿਚਕਾਰ ਹੈ, ਥੈਲੇਸੀਮੀਆ ਮੇਜਰ ਨਾਂ ਦੀ ਬਿਮਾਰੀ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਰ ਮਹੀਨੇ ਨਵਾਂ ਖ਼ੂਨ ਚੜ੍ਹਾਉਣਾ ਪੈਂਦਾ ਹੈ।
ਲਾਪਰਵਾਹੀ ਦਾ ਪਤਾ ਉਦੋਂ ਲੱਗਾ ਜਦੋਂ ਇੱਕ 7 ਸਾਲਾ ਬੱਚੇ ਦੀ ਰਿਪੋਰਟ HIV ਪਾਜ਼ੇਟਿਵ ਆਈ। ਹੈਰਾਨੀ ਦੀ ਗੱਲ ਇਹ ਰਹੀ ਕਿ ਬੱਚੇ ਦੇ ਮਾਤਾ-ਪਿਤਾ ਦੋਵਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਿਸ ਤੋਂ ਇਹ ਸਾਫ ਹੋ ਗਿਆ ਕਿ ਸੰਕਰਮਣ ਹਸਪਤਾਲ ਵਿੱਚ ਖ਼ੂਨ ਚੜ੍ਹਾਉਣ ਦੌਰਾਨ ਹੀ ਫੈਲਿਆ ਹੈ। ਹਾਈਕੋਰਟ 'ਚ ਦਾਇਰ ਪਟੀਸ਼ਨ ਅਤੇ ਮੰਗਾਂ ਪੀੜਤ ਪਰਿਵਾਰਾਂ ਦੇ ਵਕੀਲ ਮੁਹੰਮਦ ਸ਼ਾਦਾਬ ਅੰਸਾਰੀ ਨੇ ਅਦਾਲਤ ਵਿੱਚ ਹੇਠ ਲਿਖੀਆਂ ਮੁੱਖ ਮੰਗਾਂ ਰੱਖੀਆਂ ਹਨ:
ਮੁਆਵਜ਼ਾ: ਹਰ ਪੀੜਤ ਬੱਚੇ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਮੁਫ਼ਤ ਇਲਾਜ: ਬੱਚਿਆਂ ਨੂੰ ਜੀਵਨ ਭਰ ਸੁਰੱਖਿਅਤ ਬਲੱਡ ਟ੍ਰਾਂਸਫਿਊਜ਼ਨ ਅਤੇ HIV ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣ।
ਸਹੂਲਤਾਂ: ਬੱਚਿਆਂ ਲਈ ਪੌਸ਼ਟਿਕ ਖੁਰਾਕ, ਰਹਿਣ ਲਈ ਪੱਕਾ ਮਕਾਨ ਅਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਲਈ ਇੱਕ 'ਸਪੈਸ਼ਲ ਮੈਡੀਕਲ ਬੋਰਡ' ਬਣਾਇਆ ਜਾਵੇ।
ਸੁਰੱਖਿਆ: ਸਮਾਜਿਕ ਵਿਤਕਰੇ ਤੋਂ ਬਚਾਉਣ ਲਈ ਪਰਿਵਾਰਾਂ ਨੂੰ ਕਾਉਂਸਲਿੰਗ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਇਹ ਬੱਚੇ ਬੇਹੱਦ ਗਰੀਬ ਆਦਿਵਾਸੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੇ ਮਾਤਾ-ਪਿਤਾ ਦਿਹਾੜੀਦਾਰ ਮਜ਼ਦੂਰ ਹਨ। HIV ਸੰਕਰਮਣ ਦੀ ਖ਼ਬਰ ਫੈਲਣ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਨੂੰ ਸਮਾਜਿਕ ਬਾਈਕਾਟ ਅਤੇ ਘਰਾਂ ਤੋਂ ਕੱਢੇ ਜਾਣ ਵਰਗੀਆਂ ਭਿਆਨਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝਾਰਖੰਡ ਸਰਕਾਰ ਨੇ ਹਾਲਾਂਕਿ 2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ ਪਰ ਪਟੀਸ਼ਨ ਵਿੱਚ ਇਸ ਨੂੰ ਨਾਕਾਫ਼ੀ ਦੱਸਦਿਆਂ ਸੰਵਿਧਾਨ ਦੇ ਅਨੁਛੇਦ 21 (ਜੀਵਨ ਦਾ ਅਧਿਕਾਰ) ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ।
ਦਿੱਲੀ 'ਚ ਨਕਲੀ ਦਵਾਈਆਂ ਤੇ ਕੌਫੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 20 ਲੱਖ ਦਾ ਸਾਮਾਨ ਬਰਾਮਦ, 4 ਕਾਬੂ
NEXT STORY