ਜਲੰਧਰ(ਅਮਿਤ)— ਡਿਪਟੀ ਕਮਿਸ਼ਨਰ ਦਫਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚਕਾਰ ਆਪਣੇ ਉੱਚ ਅਧਿਕਾਰੀਆਂ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨਾ ਇਕ ਆਮ ਗੱਲ ਬਣਨ ਲੱਗੀ ਹੈ। ਇਸ ਦਾ ਜਿਊਂਦਾ ਜਾਗਦਾ ਸਬੂਤ ਹੈ ਪਿਛਲੇ ਕੁਝ ਦਿਨਾਂ 'ਚ ਡੀ. ਸੀ. ਵਲੋਂ ਜਾਰੀ ਹੁਕਮਾਂ ਦਾ ਕਈ ਕਰਮਚਾਰੀਆਂ ਵਲੋਂ ਪਾਲਣ ਨਾ ਕਰਨਾ, ਜਿਸ ਕਾਰਨ ਡੀ. ਸੀ. ਨੂੰ ਮਜਬੂਰਨ ਸਖਤ ਕਦਮ ਚੁੱਕਣ 'ਤੇ ਮਜਬੂਰ ਤੱਕ ਹੋਣਾ ਪਿਆ। ਇਸੇ ਕੜੀ 'ਚ ਅਜਿਹੇ ਹੀ ਇਕ ਮਾਮਲੇ ਦੀ ਉਦਾਹਰਣ ਸਾਹਮਣੇ ਆਈ, ਜਦੋਂ ਇਕ ਸੀਨੀਅਰ ਸਹਾਇਕ ਨੇ ਡੀ. ਸੀ. ਵਲੋਂ ਜਾਰੀ ਸ਼ੋਅਕਾਜ਼ ਨੋਟਿਸ (ਕਾਰਨ ਦੱਸੋ ਨੋਟਿਸ) ਦਾ ਜਵਾਬ ਨਹੀਂ ਦਿੱਤਾ ਅਤੇ ਮਜਬੂਰਨ ਡੀ. ਸੀ. ਨੂੰ ਉਸ ਨੂੰ ਚਾਰਜਸ਼ੀਟ 'ਤੇ ਸਸਪੈਂਡ ਤੱਕ ਕਰਨਾ ਪਿਆ।
ਸੂਤਰਾਂ ਮੁਤਾਬਕ ਇਸ ਕਰਮਚਾਰੀ ਦੀ ਬਿਨਾਂ ਆਪਣੀ ਲੀਵ ਸੈਂਕਸ਼ਨ ਕਰਵਾਏ ਵਿਦੇਸ਼ ਜਾਣ ਦੀ ਚਰਚਾ ਹੈ ਪਰ ਇਸ ਨੂੰ ਲੈ ਕੇ ਕਿਸੇ ਕਿਸਮ ਦੀ ਪੱਕੀ ਜਾਣਕਾਰੀ ਨਹੀਂ ਹੈ। ਇਸ ਲਈ ਵਿਦੇਸ਼ ਜਾਣ ਦੀ ਸੱਚਾਈ ਦਾ ਪਤਾ ਸਿਰਫ ਉਚ ਪੱਧਰੀ ਜਾਂਚ ਨਾਲ ਹੀ ਸੰਭਵ ਹੈ। ਦੱਸਣਯੋਗ ਹੈ ਕਿ ਕਰਮਚਾਰੀਆਂ ਦੇ ਵਿਚਕਾਰ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਅਤੇ ਇਸੇ ਕਾਰਨ ਕੁਝ ਕਰਮਚਾਰੀਆਂ ਦੀਆਂ ਸਾਲਾਨਾ ਤਰੱਕੀਆਂ 'ਤੇ ਵੀ ਡੀ. ਸੀ. ਨੇ ਹਾਲ ਹੀ 'ਚ ਰੋਕ ਲਗਾਈ ਹੈ।
ਕੀ ਹੈ ਮਾਮਲਾ, ਕਿਉਂ ਹੋਈ ਕਾਰਵਾਈ:
ਪ੍ਰਾਪਤ ਜਾਣਕਾਰੀ ਮੁਤਾਬਕ ਸੀਨੀਅਰ ਸਹਾਇਕ ਸੁਖਬੀਰ ਸਿੰਘ ਬਤੌਰ ਤਹਿਸੀਲ ਅਸਿਸਟੈਂਟ ਸ਼ਾਹਕੋਟ ਤਾਇਨਾਤ ਹੈ ਅਤੇ ਉਹ ਪਿਛਲੇ ਲੱਗਭਗ ਤਿੰਨ ਮਹੀਨਿਆਂ ਤੋਂ ਆਪਣੇ ਦਫਤਰ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਐੱਸ. ਡੀ. ਐੱਮ. ਸ਼ਾਹਕੋਟ ਵਲੋਂ ਡੀ. ਸੀ. ਦੇ ਕੋਲ ਲਿਖਤੀ ਤੌਰ 'ਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਡੀ. ਸੀ. ਨੇ ਇਸ ਕਰਮਚਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਇਕ ਮਹੀਨੇ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਦੇ ਲਈ ਕਿਹਾ ਸੀ ਪਰ ਸੁਖਬੀਰ ਨੇ ਡੀ. ਸੀ. ਵਲੋਂ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਡੀ. ਸੀ. ਨੇ ਮੰਗਲਵਾਰ ਨੂੰ ਇਕ ਹੁਕਮ ਜਾਰੀ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦਾ ਹੁਕਮ ਜਾਰੀ ਕੀਤਾ। ਇਸੇ ਦੇ ਨਾਲ ਇਕ ਹੋਰ ਹੁਕਮ 'ਚ ਉਸ ਨੂੰ ਮੇਜਰ ਪੈਨਲਟੀ ਨਾਲ ਚਾਰਜਸ਼ੀਟ ਕੀਤਾ ਗਿਆ ਹੈ, ਜਿਸ 'ਚ ਉਸ ਦੀਆਂ ਸਾਲਾਨਾ ਤਰੱਕੀਆਂ ਸਮੇਤ ਹੋਰ ਬੈਨੀਫਿਟ 'ਤੇ ਵੀ ਅਸਰ ਪੈ ਸਕਦਾ ਹੈ। ਸਸਪੈਂਸ਼ਨ ਪੀਰੀਅਡ ਦੌਰਾਨ ਸੁਖਬੀਰ ਸਿੰਘ ਦਾ ਹੈੱਡਕੁਆਰਟਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੇ ਕੋਲ ਬਣਾਇਆ ਗਿਆ ਹੈ, ਜਿਥੇ ਉਸ ਨੂੰ ਆਪਣੀ ਹਾਜ਼ਰੀ ਲਾਉਣ ਦੇ ਲਈ ਆਉਣਾ ਪਵੇਗਾ ਨਹੀਂ ਤਾਂ ਉਸ ਨੂੰ ਸਸਪੈਂਸ਼ਨ ਸਮੇਂ ਦੌਰਾਨ ਮਿਲਣ ਵਾਲੀ ਅੱਧੀ ਸੈਲਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ।
ਡਿਊਟੀ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ: ਡੀ. ਸੀ
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਡਿਊਟੀ ਦੌਰਾਨ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਲਾਪਰਵਾਹੀ ਵਰਤਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਡੀ. ਸੀ. ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹੈ ਤਾਂ ਉਸ ਦੇ ਲਈ ਉਨ੍ਹਾਂ ਦੇ ਦਫਤਰ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ।
ਅੰਮ੍ਰਿਤਸਰ :ਚੋਰਾਂ ਨੇ ਦਿਨ ਦਿਹਾੜੇ ਜਿਊਲਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY