ਖਟਕੜ ਕਲਾਂ (ਵੈੱਬ ਡੈਸਕ): ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲ ਪੂਰੇ ਹੋ ਗਏ ਹਨ। ਇਸ ਮੌਕੇ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਟਕੜ ਕਲਾਂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਵਿਖੇ ਅਜਾਇਬ ਘਰ ਨੂੰ ਲੋਕ ਸਮਰਪਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਨਵੀਂ ਗੱਡੀ ਲੈਂਦਾ ਸੀ ਤਾਂ ਸ਼ੋਅਰੂਮ ਤੋਂ ਸਿੱਧਾ ਖਟਕੜ ਕਲਾਂ ਮੱਥੇ ਟੇਕਣ ਆਉਂਦਾ ਸੀ। ਜਦੋਂ MP ਬਣਿਆ ਸੀ ਤਾਂ ਉਸ ਦਾ ਸਰਟੀਫ਼ਿਕੇਟ ਇੱਥੇ ਲਿਆ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪੈਰਾਂ ਵਿਚ ਰੱਖ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ: ਰਾਮ ਰਹੀਮ ਤੇ ਹਨੀਪ੍ਰੀਤ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ (ਵੀਡੀਓ)
ਭਗਵੰਤ ਮਾਨ ਨੇ ਕਿਹਾ ਕਿ 2 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਫ਼ੋਟੋ ਲਗਾਈ ਜਾਵੇਗੀ। ਇਕ ਨੇ ਅਜ਼ਾਦੀ ਲੈ ਕੇ ਦਿੱਤੀ ਤੇ ਦੂਜੇ ਨੇ ਅਜ਼ਾਦੀ ਨੂੰ ਬਚਾ ਕੇ ਸਾਰਿਆਂ ਬਰਾਬਰਤਾ ਦਾ ਸੰਵਿਧਾਨ ਲਿਖਿਆ। ਪਰ ਅੱਜ ਦੋਵੇਂ ਚੀਜ਼ਾਂ ਖਤਰੇ ਵਿਚ ਹਨ। ਅੱਜ ਸਾਡੀ ਅਜ਼ਾਦੀ ਖ਼ਤਰੇ ਵਿਚ ਹੈ, ਕਿਉਂਕਿ ਜਦੋਂ ਹੀ ਕੋਈ ਕੁਝ ਬੋਲਦਾ ਹੈ ਜਾਂ ਸਰਕਾਰ ਦੀ ਆਲੋਚਨਾ ਕਰਦਾ ਹੈ ਤਾਂ ਉਸ ਦੇ ਘਰ ਏਜੰਸੀਆਂ ਭੇਜ ਦਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਬਦਲੇ ਜਾ ਰਹੇ ਹਨ। ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਹੇ। ਭਗਤ ਸਿੰਘ ਜੀ ਨੇ ਅਜਿਹੀ ਅਜ਼ਾਦੀ ਤਾਂ ਨਹੀਂ ਸੋਚੀ ਸੀ ਕਿ ਅਸੀਂ ਇਕ ਖ਼ਾਸ ਸਟੇਟ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝੇ ਰੱਖਾਂਗੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖਿਆ ਤੇ ਸਿਹਤ ਸਹੂਲਤਾਂ ਵਿਚ ਹੋਰ ਵੀ ਵੱਡੇ ਸੁਧਾਰ ਕਰਾਂਗੇ। ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਇਕ ਬਰਾਬਰ ਹੋਵੇਗੀ। ਇੰਝ ਹੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਬਰਾਬਰ ਦਾ ਇਲਾਜ ਮਿਲੇਗਾ। ਫ਼ਰਕ ਹੋਵੇਗਾ ਤਾਂ ਸਿਰਫ਼ ਪੈਸਿਆਂ ਦਾ, ਸਰਕਾਰੀ ਸਕੂਲਾਂ ਤੇ ਹਸਪਤਾਲਾਂ ਵਿਚ ਇਨ੍ਹਾਂ ਚੀਜ਼ਾਂ ਲਈ ਪੈਸੇ ਨਹੀਂ ਲੱਗਿਆ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ 'ਚ ਬਣਾਏ ਜਾਣਗੇ 28 ਨਵੇਂ ਪੁਲਸ ਸਟੇਸ਼ਨ, ਇਨ੍ਹਾਂ ਅਪਰਾਧਾਂ 'ਤੇ ਹੋਵੇਗਾ ਐਕਸ਼ਨ
ਨਵਾਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਾਕੇ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਰੂਸ-ਯੂਕ੍ਰੇਨ ਦੀ ਜੰਗ ਲੱਗੀ ਤਾਂ ਯੂਕ੍ਰੇਨ ਤੋਂ ਪੰਜਾਬੀ ਬੱਚਿਆਂ ਨੂੰ ਛੁਡਵਾ ਕੇ ਲਿਆਂਦਾ ਗਿਆ। ਜਦੋਂ ਮੈਂ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਮੇਰੇ ਲੂੰਹ ਕੰਡੇ ਖੜ੍ਹੇ ਹੋ ਗਏ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਥੇ ਮੈਡੀਕਲ ਦੀ ਪੜ੍ਹਾਈ ਬਹੁਤ ਮਹਿੰਗੀ ਹੈ। ਮੈਂ ਸੋਚਿਆ ਕਿ ਭਗਤ ਸਿੰਘ ਜੀ ਦੀ ਆਤਮਾ ਵੀ ਸੋਚਦੀ ਹੋਵੇਗੀ ਕਿ ਯੂਕ੍ਰੇਨ 25 ਸਾਲ ਪਹਿਲਾਂ ਹੀ ਅਜ਼ਾਦ ਹੋਇਆ ਸੀ ਤੇ ਅਸੀਂ 75 ਸਾਲਾਂ ਬਾਅਦ ਵੀ ਕੋਟਾ ਸਿਸਟਮ ਵਿਚ ਹੀ ਫੱਸੇ ਹੋਏ ਹਾਂ, ਸਾਡੇ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਜਾਣਾ ਪੈ ਰਿਹਾ ਹੈ। ਇਸ ਲਈ ਮੈਂ ਪੰਜਾਬ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਹੁਣ ਇਸ ਇਲਾਕੇ 'ਚ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ ਆਈ ਹੈ। ਇੱਥੇ ਵੀ ਮੈਡੀਕਲ ਕਾਲਜ ਖੋਲ੍ਹਾਂਗੇ।
ਵਿਰੋਧੀਆਂ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਉਨ੍ਹਾਂ ਸੁਖਬੀਰ ਬਾਦਲ, ਢੀਂਡਸਾ, ਪਰਨੀਤ ਕੌਰ, ਸੁਨੀਲ ਜਾਖੜ, ਰਾਜ ਕੁਮਾਰ ਵੇਰਕਾ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਇਹ ਨਵੀਂ ਕਿਸਮ ਦੇ ਬੇਰੋਜ਼ਗਾਰ ਪੈਦਾ ਹੋ ਗਏ ਹਨ, ਸਿਆਸਤ ਤੋਂ ਇਲਾਵਾ ਹੋਰ ਕੰਮ ਇਨ੍ਹਾਂ ਨੂੰ ਨਹੀਂ ਆਉਂਦਾ ਤੇ ਲੋਕਾਂ ਨੇ ਕੁਰਸੀਆਂ ਖੋਹ ਲਈਆਂ। ਲੋਕ ਤਾਂ ਇਨ੍ਹਾਂ ਦੀ ਸ਼ਕਲ ਦੇਖ ਕੇ ਵੀ ਰਾਜ਼ੀ ਨਹੀਂ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਦੋਂ ਮੈਂ ਸੁਣਿਆ ਕਿ ਸੁਨੀਲ ਜਾਖੜ ਪਰਨੀਤ ਕੌਰ ਨੂੰ ਸ਼ਾਮਲ ਕਰਨਗੇ ਤਾਂ ਮੈਂ ਸੋਚੀਂ ਪੈ ਗਿਆ ਕਿ ਹੁਣ ਇਹ ਕਿਹੜੀ ਪਾਰਟੀ ਵੱਲੋਂ ਕਰ ਰਹੇ ਹਨ। ਪਹਿਲਾਂ ਕਾਂਗਰਸ ਵਿਚ ਇਕੱਠੇ ਸੀ ਤੇ ਹੁਣ ਭਾਜਪਾ ਵਿਚ ਚਲੇ ਗਏ। ਕਈਆਂ ਨੂੰ ਤਾਂ ਭੋਗ 'ਤੇ ਜਾਣ ਵੇਲੇ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਹੈ ਕਿ ਅੱਜ ਕਿਹੜੀ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ। ਉਨ੍ਹਾਂ ਕੇਂਦਰ ਸਰਕਾਰ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MP ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਦਾ ਸ਼ੀਤਲ ਅੰਗੁਰਾਲ ਤੋਂ ਸੁਣੋ ਕੀ ਹੈ ਸੱਚ
NEXT STORY