ਬਠਿੰਡਾ- ਮਾਨ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸੇ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁੱਲ 41 ਕਰੋੜ ਦੀ ਲਾਗਤ ਦੇ 2 ਨਵੇਂ ਪ੍ਰਾਜੈਕਟ ਬਠਿੰਡਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ 'ਚ 11 ਕਰੋੜ ਰੁਪਏ ਦੀ ਲਾਗਤ ਵਾਲੀ ਸ਼ਹੀਦ ਮੇਜਰ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ 73 ਕਮਰਿਆਂ ਵਾਲੀ ਨਵੀਂ ਇਮਾਰਤ ਤੇ 30 ਕਰੋੜ ਰੁਪਏ ਦੀ ਲਾਗਤ ਵਾਲਾ ਬਲਵੰਤ ਗਾਰਗੀ ਆਡੀਟੋਰੀਅਮ ਸ਼ਾਮਲ ਹੈ।
ਇਸ ਆਡੀਟੋਰੀਅਮ ਦਾ ਨਾਂ ਪੰਜਾਬ ਦੇ ਪ੍ਰਸਿੱਧ ਰੰਗਮੰਚ ਕਲਾਕਾਰ, ਨਾਵਲਕਾਰ ਤੇ ਨਾਟਕਕਾਰ ਪਦਮਸ਼੍ਰੀ ਬਲਵੰਤ ਗਾਰਗੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਆਡੀਟੋਰੀਅਮ ਕਲਾ ਤੇ ਆਧੁਨਿਕ ਖੇਤਰ ਦੀ ਆਪਣੇ ਆਪ 'ਚ ਇਕ ਅਨੋਖੀ ਮਿਸਾਲ ਹੈ। ਬਠਿੰਡਾ ਵਾਸੀਆਂ ਤੇ ਕਲਾਕਾਰਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਅਜਿਹਾ ਇਕ ਪ੍ਰਾਜੈਕਟ ਬਠਿੰਡਾ 'ਚ ਵੀ ਲਗਾਇਆ ਜਾਵੇ, ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਕੇ ਇਸ ਦਾ ਨਿਰਮਾਣ ਨੇਪਰੇ ਚਾੜ੍ਹ ਕੇ ਬਠਿੰਡਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਹੈ।
30 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਆਡੀਟੋਰੀਅਮ ਸ਼ਾਨਦਾਰ ਆਡੀਓ ਤੇ ਵਿਡੀਓ ਆਊਟਪੁੱਟ ਦਿੰਦਾ ਹੈ। ਇੱਥੇ ਦਰਸ਼ਕਾਂ ਦੇ ਬੈਠਣ ਲਈ 837 ਪੁੱਸ਼ਬੈਕ ਵਾਲੀਆਂ ਸ਼ਾਨਦਾਰ ਤੇ ਆਰਾਮਦਾਇਕ ਸੀਟਾਂ ਲਗਾਈਆਂ ਗਈਆਂ ਹਨ, ਤਾਂ ਜੋ ਉਹ ਸਟੇਜ 'ਤੇ ਚੱਲ ਰਹੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣ ਸਕਣ। ਇਸ ਆਡੀਟੋਰੀਅਮ ਦੀ ਸਟੇਜ ਦਾ ਸਾਈਜ਼ 100 ਫੁੱਟ ਹੈ, ਜਿੱਥੇ ਬਹੁਤ ਵਧੀਆ ਕੁਆਲਟੀ ਦੇ ਮਾਈਕ ਲਗਾਏ ਗਏ ਹਨ ਤੇ ਆਟੋਮੈਟਿਕ ਪਰਦਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਸਟੇਜ 'ਤੇ ਲਾਈਵ ਰੰਗ ਮੰਚ ਤੋਂ ਇਲਾਵਾ ਵੀਡੀਓ ਦਿਖਾਉਣ ਲਈ ਸਿਨੇਮਾ ਪ੍ਰਾਜੈਕਟਰ ਵੀ ਲਗਾਇਆ ਗਿਆ ਹੈ।
ਕਲਾਕਾਰਾਂ ਦੀ ਸਹੂਲੀਅਤ ਲਈ ਇੱਥੇ ਪੁਰਸ਼ ਤੇ ਮਹਿਲਾ ਕਲਾਕਾਰਾਂ ਦੇ ਵੱਖ-ਵੱਖ ਗਰੀਨ ਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ 5 ਰੈਸਟ ਰੂਮ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਆਡੀਟੋਰੀਅਮ 'ਚ ਤਾਪਮਾਨ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ ਤੇ ਲੋਕਾਂ ਲਈ ਸੈਂਟਰ ਕੰਟਰੋਲ ਏ.ਸੀ. ਦੀ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੱਥੇ ਵੀ.ਆਈ.ਪੀ. ਲਾਂਜ ਤੇ 2 ਕਾਨਫਰੰਸ ਹਾਲ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਐਗਜ਼ੀਬਿਸ਼ਨ ਹਾਲ ਤੇ ਡਾਇਨਿੰਗ ਹਾਲ ਦਾ ਵੀ ਨਿਰਮਾਣ ਕੀਤਾ ਗਿਆ ਹੈ। ਆਪਣੇ ਆਪ 'ਚ ਇਕ ਉਦਾਹਰਨ ਇਸ ਆਡੀਟੋਰੀਅਮ 'ਚ ਇਨਡੋਰ ਦੇ ਨਾਲ-ਨਾਲ ਓਪਨ ਏਅਰ ਥਿਏਟਰ ਦਾ ਵੀ ਨਿਰਮਾਣ ਕੀਤਾ ਗਿਆ ਹੈ।
ਇਸ ਆਡੀਟੋਰੀਅਮ ਦਾ ਉਦਘਾਟਨ ਕਰਨ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਅਤਿ ਆਧੁਨਿਕ ਆਡੀਟੋਰੀਅਮ ਪੰਜਾਬ ਦੇ ਪੁੱਤ ਬਲਵੰਤ ਗਾਰਗੀ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਸੇ ਕਾਰਨ ਇਸ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਹੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਆਡੀਟੋਰੀਅਮ ਹਾਲੇ ਚੰਡੀਗੜ੍ਹ 'ਚ ਵੀ ਨਹੀਂ ਬਣਿਆ ਤੇ ਇਸ ਤਰ੍ਹਾਂ ਇਸ ਮਾਮਲੇ 'ਚ ਬਠਿੰਡਾ ਨੇ ਬਾਜ਼ੀ ਮਾਰ ਲਈ ਹੈ। ਉਨ੍ਹਾਂ ਆਪਣਾ ਇਕ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਸਕੂਲ 'ਚ ਪੜ੍ਹਦੇ ਸਮੇਂ ਸਟੇਜ 'ਤੇ ਚੜ੍ਹਨ ਦਾ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੂੰ ਇਸ ਸਟੇਜ ਦੀ ਅਹਿਮੀਅਤ ਦਾ ਪਤਾ ਲੱਗਿਆ ਸੀ। ਉਨ੍ਹਾਂ ਕਿਹਾ ਕਿ ਉਮੀਦ ਹੈ ਇਹ ਆਡੀਟੋਰੀਅਮ ਪੰਜਾਬ ਦੇ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦੇ ਨਵੇਂ ਮੌਕੇ ਦੇਵੇਗਾ ਤੇ ਉਨ੍ਹਾਂ ਦੀ ਅੱਗੇ ਆਉਣ 'ਚ ਮਦਦ ਕਰੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨਾ ਕਰਨ ਦਾ ਲਿਆ ਵੱਡਾ ਫੈਸਲਾ, ਝਾਰਖੰਡ 'ਚ 'ਇੰਡੀਆ' ਗਠਜੋੜ ਪਾਰਟੀਆਂ ਲਈ ਕਰਨਗੇ ਪ੍ਰਚਾਰ, ਜਾਣੋ ਅੱਜ ਦੀਆਂ 10 ਮੁੱਖ ਖਬਰਾਂ
NEXT STORY