ਹੈਦਰਾਬਾਦ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਵੱਡੇ ਕਾਰੋਬਾਰੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਉਦਯੋਗ ਜਗਤ ਦੇ ਕਪਤਾਨਾਂ ਨੂੰ ਬਿਹਤਰੀਨ ਸੂਬੇ ਨਾਲ ਅੱਗੇ ਵਧਣ’ ਲਈ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਅਥਾਹ ਮੌਕਿਆਂ ਦੀ ਧਰਤੀ ਹੈ ਅਤੇ ਨਿਵੇਸ਼ ਅਤੇ ਕਾਰੋਬਾਰ ਦੇ ਵਿਸਤਾਰ ਲਈ ਇਹ ਸਭ ਤੋਂ ਅਨੁਕੂਲ ਸੂਬਾ ਹੈ। ਮੁੱਖ ਮੰਤਰੀ ਨੇ ਆਪਣੀ ਦੌਰੇ ਮੌਕੇ ਹਾਰਟੈਕਸ ਰਬੜ ਦੇ ਐਮ.ਡੀ. ਵਰੁਣ ਸੁਰੇਖਾ, ਅਮਰੀਕਾ ਦੇ ਕੈਂਸਰ ਸੈਂਟਰਾਂ ਦੀ ਸੀ.ਈ.ਓ. ਭਾਰਤ ਸਮਿਤਾ ਰਾਜੂ ਤੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਮੰਥੇਨਾ, ਨਰਾਇਣ ਗਰੁੱਪ ਆਫ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਕਾਰਜਕਾਰੀ ਡਾਇਰੈਕਟਰ ਪੁਨੀਤ ਕੋਥੱਪਾ, ਜੀ.ਐਮ.ਆਰ. ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਸਾਊਥ ਐਸ.ਜੀ.ਕੇ. ਕਿਸ਼ੋਰ, ਅੰਨਪੂਰਨਾ ਸਟੂਡੀਓਜ਼ ਦੀ ਕਾਰਜਕਾਰੀ ਡਾਇਰੈਕਟਰ ਸੁਪ੍ਰੀਆ ਵਾਈ, ਵੈਂਡਰਲਾ ਦੇ ਪ੍ਰੈਜੀਡੈਂਟ ਐਮ. ਸ਼ਿਵਦਾਸ, ਸੀ.ਓ.ਓ. ਬਾਇਓਲਾਜੀਕਲ ਈ. ਲਕਸ਼ਮੀਨਾਰਾਇਣ ਨੇਤੀ, ਲਾਰਸ ਲੈਬਜ਼ ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀ.ਐਫ.ਓ. ਵੀ.ਵੀ. ਰਵੀ ਕੁਮਾਰ, ਡੀ.ਈ.ਐਫ.ਟੀਮ ਦੇ ਸੀ.ਈ.ਓ. ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਭਾਰਤ ’ਚ ਹੋਇਆ ਬੰਦ
ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਿਆ ਅਤੇ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਆਖਦਿਆਂ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਸਮੂਹਾਂ ਨੂੰ ਪੰਜਾਬ ਵਿੱਚ ਆਪਣੇ ਕੰਮਕਾਜ ਸਥਾਪਤ ਕਰਨ ਲਈ ਪੂਰਣ ਸਹਿਯੋਗ ਦੇਣ ਲਈ ਵਚਨਬੱਧ ਹੈ। ਪੰਜਾਬ ਨੂੰ ਕਾਰੋਬਾਰ ਲਈ ਸਭ ਤੋਂ ਬਿਹਤਰੀਨ ਥਾਂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਕਰਨ ਨਾਲ ਕੰਪਨੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਨੇ ਜ਼ੋਰ ਨਾਲ ਕਿਹਾ ਕਿ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ ਜਿਸ ਸਦਕਾ ਸੂਬੇ ਵਿੱਚ ਸਰਬਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਹੋਈ ਹੈ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਕਾਰੋਬਾਰੀ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕੰਮ ਸੱਭਿਆਚਾਰ ਅਤੇ ਅਨੁਕੂਲ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਕਾਰੋਬਾਰ ਵਧਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਵਿਹਾਰਕ ਨੀਤੀਆਂ ਸਣੇ ਉਦਯੋਗਿਕ ਸ਼ਾਂਤੀ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਭੇਤਭਰੇ ਹਾਲਾਤ ’ਚ ਘਰੋਂ ਗਾਇਬ ਹੋਏ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਪਰਿਵਾਰ ਦਾ ਸੀ ਇਕਲੌਤਾ ਸਹਾਰਾ
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਦੱਸਿਆ ਕਿ ਇਹ ਸੂਬੇ ਲਈ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਚੋਟੀ ਦੀ ਪ੍ਰਾਪਤੀ ਵਾਲੇ ਕਾਰੋਬਾਰ ਲਈ ਸਭ ਤੋਂ ਆਸਾਨ ਪਹੁੰਚ ਵਾਲੇ ਰਾਜ ਦੀ ਰੈਂਕਿੰਗ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਇਨਵੈਸਟ ਪੰਜਾਬ ਨੂੰ ਵੀ 100% ਸਕੋਰ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਵਾਲੀ ਨਿਵੇਸ਼ ਪ੍ਰਮੋਸ਼ਨ ਏਜੰਸੀ ਦਾ ਦਰਜਾ ਦਿੱਤਾ ਗਿਆ ਹੈ। ਸੂਬੇ ਦੀਆਂ ਹੋਰ ਪ੍ਰਾਪਤੀਆਂ ਗਿਣਾਉਂਦੀਆਂ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਦੇ ਲੌਜਿਸਟਿਕਸ ਇੰਡੈਕਸ ਵਿੱਚ ਵੀ ਪੰਜਾਬ 90% ਤੋਂ ਵੱਧ ਸਕੋਰ ਨਾਲ ਇੱਕ ਅਚੀਵਰ ਸੂਬਾ ਹੈ, ਜੋ ਭਾਰਤ ਵਿੱਚ ਕਾਰਗੋ ਦੀ ਆਵਾਜਾਈ ਦੀ ਸੁਰੱਖਿਆ ਦੇ ਮਾਮਲੇ ਵਿੱਚ ਵੀ ਪਹਿਲੇ ਸਥਾਨ 'ਤੇ ਹੈ।
ਸਨਅਤਕਾਰਾਂ ਨੂੰ ਸੂਬੇ ਵਿੱਚ ਭਰਪੂਰ ਜੀਅ ਆਇਆਂ ਨੂੰ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਖੋਜਾਂ ਲਈ ਹਮੇਸ਼ਾ ਤਤਪਰ ਹੈ। ਉਨ੍ਹਾਂ ਆਸ ਜਤਾਈ ਕਿ ਇਸ ਦੌਰੇ ਨਾਲ ਸੂਬੇ ਵਿੱਚ ਉਦਯੋਗੀਕਰਨ ਦੀ ਪ੍ਰਕਿਰਿਆ ਨੂੰ ਵੱਡਾ ਹੁਲਾਰਾ ਮਿਲੇਗਾ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ। ਮੁੱਖ ਮੰਤਰੀ ਨੇ 23-24 ਫ਼ਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀ ਵਿਸ਼ਵ ਦੇ ਉਦਯੋਗਪਤੀਆਂ ਨੂੰ ਨਿੱਘਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ, ਇਨਵੈਸਟ ਪੰਜਾਬ ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਵੀ ਹਾਜ਼ਰ ਸਨ।
CM ਮਾਨ ਨੇ ਹੈਦਰਾਬਾਦ ਵਿਖੇ ਵੱਡੇ ਉਦਯੋਗਪਤੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ, ਆਖੀ ਇਹ ਗੱਲ
NEXT STORY