ਜਲੰਧਰ/ਫਿਲੌਰ, (ਧਵਨ)— 72ਵੇਂ ਆਜ਼ਾਦੀ ਦਿਹਾੜੇ ਮੌਕੇ ਕਾਂਗਰਸੀਆਂ ਨੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਦੀ ਅਗਵਾਈ ’ਚ ਰੈਫਰੈਂਡਮ 2020 ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਦੇ ਹੋਏ ਚੌਧਰੀ ਸੰਤੋਖ ਸਿੰਘ ਨੇ ਨੌਜਵਾਨਾਂ ਨੂੰ ਜਿੱਥੇ ਪੰਜਾਬ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੀ ਸਹੁੰ ਚੁਕਾਈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਾਂਗਰਸ ਹਰੇਕ ਕੁਰਬਾਨੀ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਨੂੰ ਜਿਥੇ ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਤੱਤਾਂ ਤੋਂ ਖਤਰਾ ਵਧ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਦਾ ਬੀੜਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਉਠਾਇਆ ਹੋਇਆ ਹੈ।
ਚੌਧਰੀ ਸੰਤੋਖ ਸਿੰਘ ਨੇ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਕੰਮ ਕਰਨ ਦੀ ਸਹੁੰ ਚੁਕਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਰਕਾਰੀ ਪੱਧਰ ’ਤੇ ਨਸ਼ਿਆਂ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ।
ਵਿਕਰਮਜੀਤ ਸਿੰਘ ਚੌਧਰੀ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਿੱਖਸ ਫਾਰ ਜਸਟਿਸ ਸੰਗਠਨ ਦੇ ਵੱਖਵਾਦੀ ਏਜੰਡੀ ਨੂੰ ਅਪ੍ਰਵਾਸੀ ਪੰਜਾਬੀਆਂ ਨੇ ਕੋਈ ਸਮਰਥਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ’ਚ ਜਿਸ ਤਰ੍ਹਾਂ ਸਿੱਖਸ ਫਾਰ ਜਸਟਿਸ ਨੇ ਰੈਲੀ ਕੀਤੀ ਹੈ ਉਹ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਦੇ ਮੁਕਾਬਲੇ ਅਪ੍ਰਵਾਸੀਆਂ ਨੇ ਆਪਣੀ ਵੱਖਰੀ ਰੈਲੀ ਕਰਕੇ ਖਾਲਿਸਤਾਨੀਆਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹੁਣ ਤੇਜ਼ੀ ਨਾਲ ਤਰੱਕੀ ਦੇ ਰਾਹ ’ਤੇ ਜਾ ਰਿਹਾ ਹੈ।
ਅਜਿਹੇ ’ਚ ਵਿਦੇਸ਼ਾਂ ’ਚ ਵਸੀਆਂ ਕੁਝ ਸ਼ਕਤੀਆਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਨੂੰ ਹੁਣ ਕੋਈ ਜਨ ਸਮਰਥਨ ਹਾਸਲ ਨਹੀਂ ਹੈ। ਉਹ ਸਿਰਫ ਫੰਡ ਇਕੱਠੇ ਕਰਨ ਲਈ ਅਜਿਹੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਰਗ ਪੰਜਾਬ ’ਚ ਸ਼ਾਂਤੀ ਬਣਾਈ ਰੱਖਣ ’ਚ ਕੈਪਟਨ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗਾ ਅਤੇ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ’ਚ ਵੀ ਆਪਣਾ ਪੂਰਾ ਯੋਗਦਾਨ ਪਾਏਗਾ। ਨੌਜਵਾਨਾਂ ਨੇ ਸਹੁੰ ਚੁੱਕਦੇ ਹੋਏ ਨਸ਼ਿਆਂ ਨੂੰ ਖਤਮ ਕਰਨ ਲਈ ਘਰ-ਘਰ ਮੁਹਿੰਮ ਚਲਾਉਣ ਦਾ ਸੰਕਲਪ ਲਿਆ।
ਇਨਕਲਾਬੀ ਜਥੇਬੰਦੀਆਂ ਵੱਲੋਂ ਸਰਾਭਾ ਵਿਖੇ ਧਰਨਾ ਪ੍ਰਦਰਸ਼ਨ
NEXT STORY