ਰਾਮਾਂ ਮੰਡੀ (ਪਰਮਜੀਤ) : ਕਾਂਗਰਸ ਸਰਕਾਰ ਵਲੋਂ ਪੰਜਾਬ ਵਿਚ ਇਕ ਅਜਿਹੀ ਟੀਮ ਗਠਿਤ ਕੀਤੀ ਗਈ ਹੈ, ਜੋ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਦੇ ਕਾਰਨਾਂ ਨੂੰ ਜਾਂਚਣ ਅਤੇ ਸੁਝਾਅ ਲਵੇਗੀ। ਇਸ ਟੀਮ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਸਰਵੇ ਕਰਨ ਦੀ ਸ਼ੁਰੂਆਤ ਰਾਮਾਂ ਮੰਡੀ ਦੇ ਨੇੜਲੇ ਪਿੰਡ ਮੱਲਵਾਲਾ ਅਤੇ ਭਗਵਾਨਗੜ੍ਹ ਵਿਖੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਘਰਾਂ ਵਿਚ ਜਾਕੇ ਪਰਿਵਾਰਾਂ ਨਾਲ ਉਕਤ ਮੌਤ ਸਬੰਧੀ ਜਾਂਚ ਪੜ੍ਹਤਾਲ ਕੀਤੀ। ਇਹ ਸਰਵੇ ਟੀਮ ਵਰਿੰਦਰ ਕੁਮਾਰ ਐਸ.ਡੀ.ਐਮ ਤਲਵੰਡੀ ਸਾਬੋ ਦੀ ਅਗਵਾਈ ਵਿਚ ਪਿੰਡ ਭਗਵਾਨਗੜ੍ਹ ਪੁੱਜੀ, ਜਿੱਥੇ ਸਾਲ 2016 ਵਿਚ ਪਿੰਡ ਦੇ ਇਕ ਕਿਸਾਨ ਜਗਦੇਵ ਸਿੰਘ ਸਪੁੱਤਰ ਬੀਹਲਾ ਸਿੰਘ ਨੇ ਆਪਣੇ ਹੀ ਖੇਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਦੇ ਗ੍ਰਹਿ ਵਿਖੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਪੁੱਜੀ। ਮ੍ਰਿਤਕ ਕਿਸਾਨ ਜਗਦੇਵ ਸਿੰਘ ਦੇ ਸਪੁੱਤਰ ਮਲਕੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਮੌਤ ਦੇ ਕਾਰਨ ਸਬੰਧੀ ਪੁੱਛਿਆ ਤਾਂ ਮ੍ਰਿਤਕ ਕਿਸਾਨ ਦੇ ਸਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਖਰਾਬ ਹੋਈ ਫਸਲ ਅਤੇ ਕਰਜ਼ੇ ਕਾਰਨ ਉਸਦੇ ਪਿਤਾ ਜਗਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਉਪਰੰਤ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਉਚੇਚੇ ਤੌਰ 'ਤੇ ਉਨ੍ਹਾਂ ਦੇ ਘਰ ਆਏ ਸਨ ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ ਕਰਕੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਪ੍ਰੰਤੂ ਅਜੇ ਤੱਕ ਨਾ ਤਾਂ ਉਨ੍ਹਾਂ ਦਾ ਕੋਈ ਕਰਜ਼ਾ ਮੁਆਫ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਨਸੀਬ ਹੋਈ ਹੈ।
ਇਸ ਉਪਰੰਤ ਇਹ ਟੀਮ ਰਾਮਾਂ ਮੰਡੀ ਦੇ ਨੇੜਲੇ ਪਿੰਡ ਮੱਲਵਾਲਾ ਵਿਖੇ ਪੁੱਜੀ, ਜਿੱਥੇ ਮ੍ਰਿਤਕ ਕਿਸਾਨ ਅਜਮੇਰ ਸਿੰਘ ਸਪੁੱਤਰ ਕਪੂਰ ਸਿੰਘ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਇਸ ਟੀਮ ਅਧਿਕਾਰੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਕਿਸਾਨ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਖਰਾਬ ਹੋਣ ਅਤੇ ਕਰਜ਼ਾ ਸਿਰ ਹੋਣ ਕਾਰਨ ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ। ਇਸ ਦੌਰਾਨ ਸਰਵੇ ਟੀਮ ਅਧੀਕਾਰੀਆਂ ਨੇ ਪੀੜ੍ਹਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆਵਾਂ ਅਤੇ ਮੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸ ਪੇਸ਼ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਪਿੰਡ ਵਿਚ ਪੁੱਜੀ ਸਰਵੇ ਟੀਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੀਮ ਵਲੋਂ ਕੀਤੀ ਜਾ ਰਹੀ ਜਾਂਚ ਦਾ ਮੁੱਖ ਉਦੇਸ਼ ਮ੍ਰਿਤਕ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਪਤਾ ਕਰਨਾ ਅਤੇ ਜਾਂਚ ਪੜ੍ਹਤਾਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਰਵੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਇਸ ਮੌਕੇ ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ, ਸੁਖ ਸਰਕਾਰੀਆ ਐਮ.ਐਲ.ਏ ਅੰਮ੍ਰਿਤਸਰ, ਨੱਥੂਰਾਮ ਬੱਲੂਆਣਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਘਨੌੜ, ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।
ਕੀ ਕਹਿੰਦੇ ਹਨ ਕਿਸਾਨ ਯੂਨੀਅਨ ਆਗੂ
ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗਈ ਸਰਵੇ ਟੀਮ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਤੇ ਜ਼ਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਸਰਵੇ ਕੀਤਾ ਜਾ ਰਿਹਾ ਹੈ, ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਪੰਜਾਬ ਸਰਕਾਰ ਵਲੋਂ ਸਿਰਫ ਸਰਵੇ ਹੀ ਕਰਵਾਏ ਜਾਂਦੇ ਹਨ, ਇਹ ਸਰਵੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ, ਇਨ੍ਹਾਂ ਸਰਵਿਆਂ ਨੂੰ ਅਮਲੀ ਜਾਮਾ ਕਦੇ ਵੀ ਪਹਿਨਾਇਆ ਨਹੀਂ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਮੰਗ ਕੀਤੀ ਹੈ ਕਿ ਇਹ ਸਰਵੇ ਇਕ ਹਫਤੇ ਦੇ ਅੰਦਰ ਅੰਦਰ ਮੁਕੰਮਲ ਕਰਕੇ ਪੀੜ੍ਹਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ, ਕਰਜਾ ਮੁਆਫ ਦੀ ਰਾਹਤ ਦਿੱਤੀ ਜਾਵੇ।
ਕਾਲਜਾਂ ਦੇ ਬਾਹਰ ਮੰਡਰਾਉਂਦੇ ਮਜਨੂੰਆਂ 'ਤੇ ਪੁਲਸ ਕੱਸੇਗੀ ਸ਼ਿਕੰਜਾ
NEXT STORY