ਚੰਡੀਗੜ੍ਹ - 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕਮਰ ਕੱਸ ਲਈ ਹੈ। ਇਸ ਦੌਰਾਨ 3 ਵਿਧਾਨ ਸਭਾ ਹਲਕਿਆਂ 'ਚ ਪ੍ਰਚਾਰ ਕਰਨ ਦੀ ਕਮਾਨ ਕੈਬਨਿਟ ਮੰਤਰੀਆਂ ਨੂੰ ਸੌਂਪੀ ਗਈ ਹੈ ਅਤੇ ਮੁਕੇਰੀਆਂ ਦੀ ਕਮਾਨ ਮੁੱਖ ਮੰਤਰੀ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਦੇ ਹੱਥ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਾਂਖਾ ਤੋਂ ਮੁੱਖ ਮੰਤਰੀ ਦੇ ਸਾਬਕਾ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੇ ਚੋਣ ਦੀ ਕਮਾਨ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਸੌਂਪੀ ਗਈ ਹੈ। ਫਗਵਾੜਾ ਹਲਕੇ ਦੀ ਕਮਾਨ ਉਗਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸੌਂਪੀ ਗਈ ਹੈ, ਕਿਉਂਕਿ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਹੀ ਚੋਣ ਜਿੱਤੀ ਸੀ। ਜਲਾਲਾਬਾਦ ਹਲਕੇ ਦੀ ਕਮਾਨ ਸਿਹਤ ਮੰਤਰੀ ਬਲਬੀਰ ਸਿੰਧੂ ਨੂੰ ਸੌਂਪੀ ਗਈ ਹੈ। ਬਲਬੀਰ ਸਿੰਧੂ ਦੇ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕੀਤੇ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਵੀ ਚੋਣ ਦੀ ਜਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾਉਣਗੇ। ਜਾਣਕਾਰੀ ਅਨੁਸਾਰ ਚੋਣਾਂ ਦੇ ਆਖਰੀ ਪੜਾਅ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਮੈਦਾਨ 'ਚ ਉਤਰਗੇ। ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਵਲੋਂ ਚਾਰੇ ਹਲਕਿਆਂ ਦੀਆਂ ਕਾਂਗਰਸੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
4 ਵਿਧਾਨ ਸਭਾ ਹਲਕਿਆਂ 'ਚ ਪੈਣ ਵਾਲੀਆਂ ਵੋਟਾਂ ਲਈ ਕੁੱਲ 33 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ, ਕਿਉਂਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ 3 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਮੁੱਖ ਚੋਣ ਅਫਸਰ ਦਫਤਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਲਈ 9 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 'ਆਪ' ਦੇ ਸੰਤੋਸ਼ ਕੁਮਾਰ ਗੋਗੀ, ਬਹੁਜਨ ਸਮਾਜ ਪਾਰਟੀ ਦੇ ਭਗਵਾਨ ਦਾਸ, ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ ਨੰਗਲ, ਪੀਪਲ ਪਾਰਟੀ ਆਫ ਡੈਮੋਕਰੇਟਿਵ ਚਰਨਜੀਤ ਕੁਮਾਰ, ਆਜ਼ਾਦ ਉਮੀਦਵਾਰ ਨੀਟੂ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਬਾਘਾ, ਵਿਸ਼ਾਲ ਪਾਰਟੀ ਆਫ ਇੰਡੀਆ ਦੇ ਸੋਨੂੰ ਕੁਮਾਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਜੋਤ ਕੌਰ ਗਿੱਲ ਸ਼ਾਮਲ ਹਨ। ਵਿਧਾਨ ਸਭਾ ਹਲਕਾ ਮੁਕੇਰੀਆਂ ਲਈ ਹੁਣ 6 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 'ਆਪ' ਦੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ, ਕਾਂਗਰਸ ਦੀ ਇੰਦੂ ਬਾਲਾ, ਭਾਰਤੀ ਜਨਤਾ ਪਾਰਟੀ ਦੇ ਜੰਗੀ ਲਾਲ ਮਹਾਜਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਵਤਨ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਅਰਜੁਨ ਤੇ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤੜਾ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਦਾਖਾ ਲਈ 11 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਦੇ ਸੰਦੀਪ ਸਿੰਘ ਸੰਧੂ, 'ਆਪ' ਦੇ ਅਮਨਦੀਪ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਮਾਨ) ਦੇ ਜੋਗਿੰਦਰ ਸਿੰਘ ਵੇਗਲ, ਆਜ਼ਾਦ ਉਮੀਦਵਾਰ ਹਰਬੰਸ ਸਿੰਘ ਜਲਾਲ, ਗੁਰਦੀਪ ਸਿੰਘ ਕਾਹਲੋਂ, ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆਂ) ਅਤੇ ਉਮੀਦਵਾਰ ਬਲਦੇਵ ਸਿੰਘ (ਦੇਵ ਸਰਾਭਾ) ਸ਼ਾਮਲ ਹਨ। ਇਸੇ ਤਰ੍ਹਾਂ ਹਲਕਾ ਜਲਾਲਾਬਾਦ ਲਈ 7 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, 'ਆਪ' ਦੇ ਮਹਿੰਦਰ ਸਿੰਘ ਕਚੂਰਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ, ਜੋਗਿੰਦਰ ਸਿੰਘ ਪੁੱਤਰ ਜਬਰ ਸਿੰਘ, ਜੋਗਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਰਾਜ ਸਿੰਘ ਸ਼ਾਮਲ ਹਨ। ਸਾਰੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਸਮੇਂ ਉਪਰੰਤ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।
ਪਿੰਡ ਭੋਰਲਾ 'ਚ ਬੀਮਾਰੀ ਦਾ ਕਹਿਰ, ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਲੋਕ
NEXT STORY