ਜਲੰਧਰ(ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਲਈ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਹੈ। ਬਾਜਵਾ ਦੇ ਨਾਂ ਦੀ ਸਿਫਾਰਿਸ਼ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ ਸੀ। ਬਾਜਵਾ, ਜੋ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਹਨ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਕਾਂਗਰਸੀ ਬੁਲਾਰੇ ਨੇ ਦੱਸਿਆ ਕਿ ਸੁਨੀਲ ਜਾਖੜ ਨੇ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਨੂੰ ਵੇਖਦਿਆਂ 3 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ, ਜਿਸ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਗੁਰਪ੍ਰੀਤ ਗੋਗੀ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਹਿਲਾਂ ਹੀ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਦੀਆਂ ਚੋਣਾਂ ਜਿੱਤ ਚੁੱਕੀ ਹੈ। ਇਨ੍ਹਾਂ ਸ਼ਹਿਰਾਂ 'ਚ ਮੇਅਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਨਿਯੁਕਤੀ ਮੁੱਖ ਮੰਤਰੀ ਨੇ ਇਸ ਲਈ ਕਰਵਾਈ ਹੈ ਕਿਉਂਕਿ ਇਕ ਤਾਂ ਬਾਜਵਾ ਦਾ ਅਕਸ ਪੂਰੀ ਤਰ੍ਹਾਂ ਨਿਰਪੱਖ ਹੈ ਤੇ ਦੂਜਾ ਉਹ ਧੜੇਬੰਦੀ 'ਚ ਨਹੀਂ ਪੈਂਦੇ। ਤ੍ਰਿਪਤ ਬਾਜਵਾ ਮਿਹਨਤੀ ਮੰਤਰੀਆਂ 'ਚ ਗਿਣੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇੰਚਾਰਜ ਦੇ ਤੌਰ 'ਤੇ ਬਾਜਵਾ ਲੁਧਿਆਣਾ ਦਾ ਦੌਰਾ ਕਰਨਗੇ ਤੇ ਉਥੇ ਕਾਂਗਰਸੀਆਂ ਨਾਲ ਮਿਲ ਕੇ ਮਜ਼ਬੂਤ ਉਮੀਦਵਾਰਾਂ ਬਾਰੇ ਰਾਏ ਲੈਣਗੇ। ਕਮੇਟੀ ਦੇ ਮੈਂਬਰ ਵੀ ਬੈਠਕ 'ਚ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਲੁਧਿਆਣਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰ ਦੇਣ ਤੋਂ ਇਹ ਵੀ ਸੰਕੇਤ ਮਿਲੇ ਹਨ ਕਿ ਲੁਧਿਆਣਾ 'ਚ ਕਾਰਪੋਰੇਸ਼ਨ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ।
ਕੁੱਝ ਦਿਨ ਪਹਿਲਾਂ ਆਇਆ ਜੇਲ ਤੋਂ, ਫਿਰ ਵੇਚਣ ਲੱਗਾ ਸਮੈਕ, ਗ੍ਰਿਫਤਾਰ
NEXT STORY