ਸੰਦੌੜ(ਬੋਪਾਰਾਏ)-ਪੰਜਾਬ 'ਚ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਧੋਖਾ ਕੀਤਾ। ਹੁਣ ਕਾਂਗਰਸ ਪਾਰਟੀ ਇਨ੍ਹਾਂ ਸਾਰੇ ਵਾਅਦਿਆਂ ਤੋਂ ਭੱਜ ਚੁੱਕੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਨੇੜਲੇ ਪਿੰਡ ਚੱਕ ਖੁਰਦ ਵਿਖੇ ਪਾਰਟੀ ਦੇ ਦੁਬਈ ਯੂਨਿਟ ਦੇ ਪ੍ਰਧਾਨ ਅਵਤਾਰ ਸਿੰਘ ਚੱਕ ਦੇ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਸਮੇਂ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਪੰਜਾਬ ਦੇ ਲੋਕ ਦੋ ਪਾਰਟੀਆਂ ਦੇ ਚੁੰਗਲ 'ਚੋਂ ਨਿਕਲ ਨਹੀਂ ਸਕੇ । ਉਨ੍ਹਾਂ ਕਿਹਾ ਕਿ ਜੱਗੀ ਜੌਹਲ ਜੋ ਵਿਦੇਸ਼ੀ ਨਾਗਰਿਕ ਪਿਛਲੇ ਦਿਨੀਂ ਪੰਜਾਬ ਵਿਚ ਗ੍ਰਿਫਤਾਰ ਕੀਤਾ ਗਿਆ, ਉਹ ਆਮ ਆਦਮੀ ਪਾਰਟੀ ਲਈ ਕੰਮ ਕਰਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਨੇ ਉਸ ਦੇ ਮਾਮਲੇ 'ਚ ਆਪਣੀ ਸਾਰਥਕ ਭੂਮਿਕਾ ਨਹੀਂ ਨਿਭਾਈ । ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ 20 ਅਯੋਗ ਠਹਿਰਾਏ ਵਿਧਾਇਕਾਂ ਦੀ ਗੱਲ ਜ਼ੋਰਦਾਰ ਢੰਗ ਨਾਲ ਦੇਸ਼ ਦੇ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਨਾ ਕੋਈ ਮੈਂਬਰ ਪਾਰਲੀਮੈਂਟ ਹੈ, ਨਾ ਹੀ ਕੋਈ ਵਿਧਾਇਕ ਹੈ, ਇਸ ਕਰਕੇ ਆਮ ਆਦਮੀ ਪਾਰਟੀ ਜੱਗੀ ਜੌਹਲ ਦੇ ਮਾਮਲੇ ਵਿਚ ਆਪਣੇ ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਰਾਹੀਂ ਪੰਜਾਬ ਤੇ ਦੇਸ਼ ਦੇ ਲੋਕਾਂ ਤੱਕ ਆਪਣੀ ਆਵਾਜ਼ ਸੌਖੇ ਹੀ ਪਹੁੰਚਾ ਸਕਦੀ ਸੀ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਚੱਕ ਪ੍ਰਧਾਨ ਦੁਬਈ ਯੂਨਿਟ, ਬਲਜਿੰਦਰ ਸਿੰਘ ਸੰਗਾਲੀ, ਬਿੱਕਰ ਸਿੰਘ ਧਨੋਂ, ਤਰਸੇਮ ਸਿੰਘ ਖੱਟੜਾ, ਗੁਰਜੰਟ ਸਿੰਘ ਕੱਟੂ ਪੀ. ਏ. ਆਦਿ ਤੋਂ ਇਲਾਵਾ ਪਾਰਟੀ ਦੇ ਕਈ ਆਗੂ ਹਾਜ਼ਰ ਸਨ।
'ਸਵੱਛ ਭਾਰਤ' ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
NEXT STORY