ਜਲੰਧਰ, (ਰਵਿੰਦਰ)— ਸੂਬੇ ਵਿਚ ਡੇਢ ਸਾਲ ਤਕ ਲੋਕਾਂ ਦੀ ਕੋਈ ਫਰਿਆਦ ਨਾ ਸੁਣਨ ਅਤੇ ਨਸ਼ੇ ਦੀ ਦਲਦਲ ਵਿਚ ਧਸ ਰਹੇ ਪੰਜਾਬ ਨੂੰ ਲੈ ਕੇ ਕਾਂਗਰਸ ਕੋਲ ਕੋਈ ਠੋਸ ਨੀਤੀ ਨਾ ਹੋਣ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਜ਼ਿਲਾ ਇਕਾਈ ਨੇ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਕੰਪਨੀ ਬਾਗ ਚੌਕ ਵਿਚ ਭਾਜਪਾ ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੇ ਕਾਂਗਰਸ 'ਤੇ ਖੂਬ ਭੜਾਸ ਕੱਢੀ। ਭਾਜਪਾ ਨੇਤਾਵਾਂ ਦਾ ਕਹਿਣਾ ਸੀ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਨੂੰ ਡੇਢ ਸਾਲ ਹੋ ਗਿਆ ਹੈ ਪਰ ਜਿਨ੍ਹਾਂ ਵਾਅਦਿਆਂ ਕਾਰਨ ਸਰਕਾਰ ਬਣੀ ਸੀ, ਉਨ੍ਹਾਂ 'ਚੋਂ ਇਕ ਵਾਅਦਾ ਵੀ ਸਰਕਾਰ ਪੂਰਾ ਨਹੀਂ ਕਰ ਸਕੀ ਅਤੇ ਸੂਬੇ ਦੇ ਲੋਕਾਂ ਨਾਲ ਕਾਂਗਰਸ ਸਰਕਾਰ ਨੇ ਧੋਖਾ ਕੀਤਾ ਹੈ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸੂਬੇ ਦੇ ਉਪ ਪ੍ਰਧਾਨ ਮੋਹਿੰਦਰ ਭਗਤ ਅਤੇ ਭਾਜਯੁਮੋ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਡਰੱਗ ਮਾਫੀਆ ਹੋਰ ਜ਼ਿਆਦਾ ਪੈਰ ਫੈਲਾਉਣ ਲੱਗਾ ਹੈ। ਨੌਜਵਾਨ ਰੋਜ਼ਾਨਾ ਮਰ ਰਹੇ ਹਨ ਪਰ ਕਾਂਗਰਸ ਸਰਕਾਰ ਡੂੰਘੀ ਨੀਂਦ ਵਿਚ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਵਿਚ ਤਾਂ ਪੁਲਸ 'ਤੇ ਵੀ ਨਸ਼ਾ ਵੇਚਣ ਅਤੇ ਵਿਕਵਾਉਣ ਦੇ ਦੋਸ਼ ਲੱਗ ਰਹੇ ਹਨ। ਹੁਣੇ-ਹੁਣੇ ਨੌਜਵਾਨ ਲੜਕੀਆਂ ਨੇ ਕਪੂਰਥਲਾ ਵਿਚ ਨਸ਼ਾ ਛੁਡਾਊ ਕੇਂਦਰ ਵਿਚ ਸਿਹਤ ਮੰਤਰੀ ਦੇ ਸਾਹਮਣੇ ਸਰਕਾਰ ਅਤੇ ਪੁਲਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜ਼ਿਲਾ ਭਾਜਪਾ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਹਰੇਕ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਵੀ ਹਵਾ-ਹਵਾਈ ਹੋ ਚੁੱਕਾ ਹੈ। ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੇ ਵਾਅਦਾ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ। ਕਿਸਾਨ ਅਜੇ ਵੀ ਕਰਜ਼ਾ ਮੁਆਫ ਨਾ ਹੋਣ ਕਾਰਨ ਲਗਾਤਾਰ ਆਤਮਹੱਤਿਆਵਾਂ ਕਰ ਰਹੇ ਹਨ।
ਰੇਤ ਪੂਰੀ ਤਰ੍ਹਾਂ ਨਾਲ ਮਾਈਨਿੰਗ ਮਾਫੀਆ ਦੇ ਹੱਥਾਂ ਵਿਚ ਹੈ ਅਤੇ ਮੁੱਖ ਮੰਤਰੀ ਲੋਕਾਂ ਦੀਆਂ ਲੋੜਾਂ ਨੂੰ ਅਣਡਿੱਠ ਕਰਕੇ ਮੌਜ਼-ਮਸਤੀ ਵਿਚ ਸਮਾਂ ਬਿਤਾ ਰਹੇ ਹਨ।
ਇਸ ਮੌਕੇ ਅਨਿਲ ਸੱਚਰ, ਰਜਤ ਮਹੇਂਦਰੂ, ਅਜੇ ਜੋਸ਼ੀ, ਰਮਨ ਪੱਬੀ, ਕ੍ਰਿਸ਼ਨ ਲਾਲ ਢੱਲ, ਰਵੀ ਮਹੇਂਦਰੂ, ਸੁਭਾਸ਼ ਸੂਦ, ਵੀਰੇਂਦਰ ਅਰੋੜਾ, ਸੋਨੂ ਹੰਸ, ਪੁਨੀਤ ਸ਼ੁਕਲਾ, ਰਾਕੇਸ਼ ਸ਼ਰਮਾ, ਸੋਨੂ ਦਿਨਕਰ, ਵਿਸ਼ਵ ਗ੍ਰੋਵਰ, ਪ੍ਰਵੀਨ ਹਾਂਡਾ, ਰਾਮ ਲੁਭਾਇਆ ਕਪੂਰ, ਅਮਿਤ ਸਿੰਘ ਸੰਧਾ, ਸੌਰਵ ਸੇਠ, ਮਦਨ ਲਾਲ, ਓਮ ਪ੍ਰਕਾਸ਼, ਅਮਿਤ ਨਿੱਕਾ, ਸੰਜੇ ਕਾਲਰਾ, ਮਨੀਸ਼ ਵਿਜ, ਹਨੀ ਤਲਵਾੜ, ਸ਼ਿਆਮ ਸ਼ਰਮਾ, ਵਿਨੀਤ ਧੀਰ, ਵਿਜੇ ਕਾਲੀਆ, ਰਾਕੇਸ਼ ਵਿਜ, ਗੋਪਾਲ ਸੋਨੀ, ਸੁਰਿੰਦਰ ਮੋਹਨ, ਰਾਜੇਸ਼ ਜੈਨ, ਅਸ਼ਵਨੀ ਦੀਵਾਨ, ਡਾ. ਮੁਕੇਸ਼ ਵਾਲੀਆ, ਸੁਦਰਸ਼ਨ ਮੋਂਗੀਆ, ਵਿਨੈ ਸੱਭਰਵਾਲ, ਰਾਕੇਸ਼ ਗੋਇਲ, ਅੰਮ੍ਰਿਤਪਾਲ ਸਿੰਘ, ਰਜਨੀਸ਼ ਪੰਡਿਤ, ਗੁਰਦਿਆਲ ਭੱਟੀ, ਵਿਪਨ ਆਨੰਦ, ਲਲਿਤ ਬਾਬੂ ਯਾਦਵ, ਸਤੀਸ਼ ਕਪੂਰ, ਅਸ਼ੋਕ ਸਰੀਨ, ਮਿੰਟਾ ਕੋਛੜ, ਅਮਿਤ ਭਾਟੀਆ, ਅਮਰਜੀਤ ਰਾਹੀ ਅਤੇ ਹੋਰ ਵੀ ਮੌਜੂਦ ਸਨ।
80 ਵਾਰਡ, ਪਰ ਜ਼ਿਲਾ ਪੱਧਰੀ ਧਰਨੇ 'ਚ ਪਹੁੰਚੇ ਸਿਰਫ 100 ਲੋਕ
ਸੂਬਾ ਸਰਕਾਰ ਵਿਰੁੱਧ ਭਾਰਤੀ ਜਨਤਾ ਪਾਰਟੀ ਦੀ ਇਹ ਪਹਿਲੀ ਵਿਆਪਕ ਮੁਹਿੰਮ ਸੀ। ਇਸਦੇ ਲਈ ਭਾਜਪਾ ਹੈੱਡ ਆਫਿਸ ਤੋਂ ਸਾਰੇ ਨੇਤਾਵਾਂ ਤੇ ਵਰਕਰਾਂ ਨੂੰ ਬਕਾਇਦਾ ਫੋਨ 'ਤੇ ਸੂਚਨਾ ਵੀ ਦਿੱਤੀ ਸੀ ਪਰ ਧਰਨਾ ਪ੍ਰਦਰਸ਼ਨ ਵਿਚ ਪਹੁੰਚੇ ਕੁਝ ਕੁ ਹੀ ਨੇਤਾ ਅਤੇ ਵਰਕਰ। ਸ਼ਹਿਰ ਵਿਚ 80 ਵਾਰਡ ਹਨ ਪਰ ਇਨ੍ਹਾਂ 80 ਵਾਰਡਾਂ ਦੇ ਹਾਰੇ ਅਤੇ ਜਿੱਤੇ ਵਿਧਾਇਕ ਵੀ ਨਹੀਂ ਪਹੁੰਚ ਸਕੇ। 60 ਦੇ ਨੇੜੇ ਜ਼ਿਲਾ ਕਾਰਜਕਾਰਨੀ ਦੇ ਮੈਂਬਰ ਹਨ ਪਰ ਇਨ੍ਹਾਂ 'ਚੋਂ ਨਾਮਾਤਰ ਹੀ ਨਜ਼ਰ ਆਏ। 5 ਦੇ ਕਰੀਬ ਮੋਰਚੇ ਹਨ ਪਰ ਇਨ੍ਹਾਂ 'ਚੋਂ ਕੁਝ ਹੀ ਸਰਗਰਮ ਨਜ਼ਰ ਆਏ। ਮਹਿਲਾ ਮੋਰਚਾ ਤਾਂ ਕਿਤੇ ਦਿਖਾਈ ਹੀ ਨਹੀਂ ਦਿੱਤਾ। 14 ਦੇ ਕਰੀਬ ਪਾਰਟੀ ਦੇ ਮੰਡਲ ਪ੍ਰਧਾਨ ਹਨ ਪਰ ਪ੍ਰੋਗਰਾਮ ਵਿਚ ਇੱਕਾ-ਦੁੱਕਾ ਹੀ ਨਜ਼ਰ ਆਏ। ਸਾਬਕਾ ਵਿਧਾਇਕਾਂ ਦੀ ਮਿਹਨਤ ਜ਼ਰੂਰ ਦਿਖਾਈ ਦਿੱਤੀ, ਜੋ ਆਪਣੇ ਨਾਲ ਕੁਝ ਕੁ ਵਰਕਰਾਂ ਨੂੰ ਲੈ ਕੇ ਆਏ।
ਫੋਟੋ ਖਿਚਵਾਉਣ ਲਈ ਕਾਹਲੇ ਪਾਰਟੀ ਨੀਤੀਆਂ 'ਤੇ ਚੱਲ ਕੇ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਜ਼ਿਆਦਾਤਰ ਨੇਤਾਵਾਂ ਵਿਚ ਸਿਰਫ ਫੋਟੋ ਖਿਚਵਾਉਣ ਦੀ ਕਾਹਲ ਨਜ਼ਰ ਆਈ। ਕੈਪਟਨ ਦਾ ਪੁਤਲਾ ਫੂਕਦੇ ਸਮੇਂ ਵੀ ਜ਼ਿਆਦਾਤਰ ਨੇਤਾ ਇਕ-ਦੂਜੇ ਨੂੰ ਧੱਕੇ ਮਾਰਦੇ ਰਹੇ।
ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY