ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਵਿਚ ਬੀਤੇ ਦਿਨੀਂ ਮਾਰਸ਼ਲਾਂ ਦੀ ਕਾਰਵਾਈ ਦੌਰਾਨ 'ਆਪ' ਦੇ ਕੁਝ ਵਿਧਾਇਕਾਂ ਦੀਆਂ ਪੱਗਾਂ ਉਤਰਨ ਤੋਂ ਬਾਅਦ ਅਕਾਲੀ ਦਲ ਵਲੋਂ ਇਸ ਨੂੰ ਮੁੱਦਾ ਬਣਾ ਕੇ ਧਾਰਮਿਕ ਰੰਗਤ ਦਿੱਤੇ ਜਾਣ ਤੋਂ ਬਾਅਦ ਹੁਣ ਕਾਂਗਰਸ ਨੇ ਪਲਟਵਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਮੁੱਦੇ ਨੂੰ ਲੈ ਕੇ ਸਦਨ ਵਿਚ ਅਕਾਲੀ ਦਲ ਵੀ 'ਆਪ' ਮੈਂਬਰਾਂ ਦੇ ਸਮਰਥਨ ਵਿਚ ਆ ਗਿਆ ਸੀ। ਅੱਜ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਪ੍ਰੈੱਸ ਲਾਊਂਜ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਅਕਾਲੀ ਦਲ 'ਤੇ ਜਵਾਬੀ ਹਮਲੇ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਿਧਾਇਕਾਂ ਦੇ ਨਾਲ ਮੌਜੂਦ ਸਨ। ਵਿਧਾਇਕਾਂ 'ਚ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ, ਫ਼ਤਹਿਜੰਗ ਸਿੰਘ ਬਾਜਵਾ, ਕੁਲਜੀਤ ਨਾਗਰਾ, ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਗਿੱਲ, ਸੁੱਖ ਸਰਕਾਰੀਆ, ਬਰਿੰਦਰਜੀਤ ਪਾਹੜਾ ਤੇ ਕੁਸ਼ਲਦੀਪ ਢਿੱਲੋਂ ਦੇ ਨਾਂ ਜ਼ਿਕਰਯੋਗ ਹਨ।
ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਹੁਣ ਅਕਾਲੀ ਦਲ ਸੱਤਾ ਦੇ ਬਾਹਰ ਹੋਣ ਤੋਂ ਬਾਅਦ ਪੱਗ ਦੀ ਬੇਅਦਬੀ ਨੂੰ ਮੁੱਦਾ ਬਣਾ ਕੇ ਡਰਾਮੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਨੂੰ ਦੇਖੋ ਜਦ ਹਰ ਦਿਨ ਬਾਦਲ ਸਰਕਾਰ ਵਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਰਹੀਆਂ ਹਨ। ਦਲਿਤਾਂ ਤੱਕ ਦੀਆਂ ਪੱਗਾਂ ਉਛਾਲੀਆਂ ਗਈਆਂ ਤੇ ਔਰਤਾਂ ਤੱਕ ਦਾ ਦਮਨ ਹੁੰਦਾ ਰਿਹਾ। ਇਸ ਦੌਰਾਨ ਉਸ ਸਮੇਂ ਦੀਆਂ ਤਸਵੀਰਾਂ ਵੀ ਕਾਂਗਰਸੀ ਮੈਂਬਰਾਂ ਨੇ ਮੀਡੀਆ ਨੂੰ ਦਿਖਾਈਆਂ।
ਕੁਲਜੀਤ ਨਾਗਰਾ ਨੇ ਕਿਹਾ ਕਿ ਹੁਣ 'ਆਪ' ਤੇ ਅਕਾਲੀ ਦਲ ਮਿਲ ਕੇ ਉਨ੍ਹਾਂ ਨਾਲ ਵਿਧਾਨ ਸਭਾ ਵਿਚ ਸਪੀਕਰ ਵਲੋਂ ਨਾਇਨਸਾਫ਼ੀ ਕਰਨ ਤੇ ਨਿਯਮਾਂ ਦਾ ਉਲੰਘਣ ਕਰ ਕੇ ਜ਼ਬਰਦਸਤੀ ਉਨ੍ਹਾਂ ਨੂੰ ਬਾਹਰ ਕੱਢਣ ਖਿਲਾਫ਼ ਬਵਾਲ ਖੜ੍ਹਾ ਕਰ ਰਹੇ ਹਨ ਪਰ 'ਆਪ' ਦੀ ਦਿੱਲੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਭਾਜਪਾ ਦੇ ਵਿਧਾਇਕਾਂ ਨੂੰ ਬਿਨਾਂ ਕਾਰਨ ਚੁੱਕ ਕੇ ਬਾਹਰ ਕੀਤਾ ਸੀ। ਬਾਦਲ ਸਰਕਾਰ ਸਮੇਂ ਵੀ ਵਿਧਾਨ ਸਭਾ ਵਿਚ ਅਜਿਹਾ ਹੀ ਹੁੰਦਾ ਰਿਹਾ ਹੈ। ਕਾਂਗਰਸੀ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ 'ਚ ਹੋਈਆਂ ਬੀਤੇ ਦਿਨ ਦੀਆਂ ਘਟਨਾਵਾਂ ਮੰਦਭਾਗੀਆਂ ਹਨ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਵਿਧਾਨ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਹ ਕਾਰਵਾਈ ਜ਼ਰੂਰੀ ਸੀ।
ਸੁਵਿਧਾ ਸੈਂਟਰ 'ਚ ਨੌਕਰੀ ਲਵਾਉਣ ਦੇ ਨਾਂ 'ਤੇ ਲੈਂਦਾ ਸੀ ਪੈਸੇ
NEXT STORY