ਮੋਗਾ (ਵਿਪਨ)— ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਨੂੰ ਆਟਾ ਦਾਲ ਸਕੀਮ ਦੇ ਅਧੀਨ ਜਾਰੀ ਕੀਤੇ ਨੀਲੇ ਕਾਰਡ ਰੱਦ ਕੀਤੇ ਜਾਣ 'ਤੇ ਸਖਤ ਨੋਟਿਸ ਲਿਆ ਹੈ। ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ ਸਮਾਰਟ ਕਾਰਡ ਸਿਰਫ ਕਾਂਗਰਸੀ ਆਗੂਆਂ ਦੇ ਚਹੇਤਿਆਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ ਜਦਕਿ ਇਨ੍ਹਾਂ ਲਈ ਗਰੀਬਾਂ ਨੂੰ ਠੁਕਰਾਇਆ ਜਾ ਰਿਹਾ ਹੈ। ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਲਹਾ ਨੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮਾਰਟ ਕਾਰਡ ਬਣਾਉਣ 'ਚ ਪਾਰਦਰਸ਼ਤਾ ਨਹੀਂ ਕੀਤੀ ਗਈ ਤਾਂ ਅਕਾਲੀ ਦਲ ਸਰਕਾਰ ਖਿਲਾਫ ਮੋਰਚਾ ਖੋਲ੍ਹੇਗੀ ਅਤੇ ਜ਼ਿਲਾ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਰਟ ਕਾਰਡ ਬਣਾਉਣ ਲਈ ਫਾਰਮ ਕਾਂਗਰਸੀ ਸਰਪੰਚਾਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਪਿੰਡਾਂ 'ਚ ਲਗਾਤਾਰ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਨੀਲੇ ਕਾਰਡ ਰੱਦ ਕਰਕੇ ਗਰੀਬਾਂ ਨੂੰ ਆਟਾ-ਦਾਲ ਸਕੀਮ ਤੋਂ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਅਤੇ ਅਕਾਲੀ ਸਰਕਾਰ ਨੇ ਹੀ ਇਹ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ। ਤੋਤਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮਾਰਟ ਕਾਰਡ ਬਣਾਉਣ ਲਈ ਅਜੇ ਫਾਰਮ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਬਕਾ ਡਿਪਟੀ ਸੀ.ਐੱਮ. ਸੁਖਬੀਰ ਸਿੰਘ ਬਾਦਲ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਅਕਾਲੀ ਦਲ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਵੇਗਾ ਅਤੇ ਗਰੀਬਾਂ ਨੂੰ ਇਨਸਾਫ ਦਿਵਾਏਗਾ।
ਜਥੇਦਾਰ ਇਕਬਾਲ ਸਿੰਘ ਦੀ ਸ਼ਿਕਾਇਤ ਕਰਨ ਅਕਾਲ ਤਖਤ ਪੁੱਜੀਆਂ ਬੀਬੀਆਂ
NEXT STORY