ਜਲੰਧਰ (ਖੁਰਾਣਾ) : 2017 'ਚ ਜਦੋਂ ਪੰਜਾਬ ਵਿਧਾਨ ਸਭਾ ਚੋਣਾ ਹੋਈਆਂ ਤਾਂ ਵਿਰੋਧੀ ਧਿਰ ਵਜੋਂ ਕਾਂਗਰਸ ਨੇ ਸੱਤਾਧਾਰੀ ਸਮਕਾਲੀ ਅਕਾਲੀ-ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ 'ਤੇ ਦੋਸ਼ ਲਾਇਆ ਸੀ ਕਿ ਨਿਗਮ ਨੇ ਇਕ ਸਾਲ ਵਿਚ 14 ਕਰੋੜ ਰੁਪਏ ਦੇ ਪੈਚਵਰਕ ਲਾ ਕੇ ਵੱਡੇ ਪੱਧਰ 'ਤੇ ਘਪਲਾ ਕੀਤਾ ਸੀ। ਇਸ ਘਪਲੇ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ ਸੀ, ਜਿਸ ਕਾਰਣ ਅਕਾਲੀ-ਭਾਜਪਾ ਨੂੰ ਵਿਧਾਨ ਸਭਾ ਦੇ ਨਾਲ-ਨਾਲ ਨਿਗਮ ਵਿਚ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹੁਣ ਕਾਂਗਰਸ ਨੂੰ ਪੰਜਾਬ ਦੀ ਸੱਤਾ ਸੰਭਾਲੇ ਲਗਭਗ ਸਾਢੇ 3 ਸਾਲ ਅਤੇ ਨਿਗਮ ਦੀ ਸੱਤਾ ਸੰਭਾਲੇ ਨੂੰ 3 ਸਾਲ ਹੋ ਗਏ ਹਨ ਪਰ ਅਜੇ ਤੱਕ ਕਾਂਗਰਸੀ ਨਿਗਮ ਵਿਚ ਪੈਚਵਰਕ ਦਾ ਸਿਸਟਮ ਨਹੀਂ ਬਣਾ ਸਕੇ ਹਨ। ਚਾਹੇ ਕਾਂਗਰਸੀਆਂ ਨੇ ਵੀ ਸ਼ਹਿਰ ਦੀਆਂ ਸੜਕਾਂ ਦੇ ਪੈਚਵਰਕ 'ਤੇ ਕਰੋੜਾਂ ਰੁਪਏ ਖਰਚੇ ਹਨ ਪਰ ਇਸ ਪੈਚਵਰਕ ਦਾ ਵੀ ਕੋਈ ਹਿਸਾਬ-ਕਿਤਾਬ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਇਸ ਸਮੇਂ ਵਿਰੋਧੀ ਧਿਰ ਵਿਚ ਬੈਠੀਆਂ ਅਕਾਲੀ-ਭਾਜਪਾ ਪਾਰਟੀਆਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਨਹੀਂ ਚੁਕ ਰਹੀਆਂ। ਇਸ ਦਰਮਿਆਨ ਨਗਰ ਨਿਗਮ ਦੀ ਬੀ. ਐਂਡ ਆਰ. ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਖੁਦ ਮੰਨਿਆ ਕਿ ਨਿਗਮ ਵਿਚ ਪੈਚਵਰਕ ਦਾ ਸਿਸਟਮ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰਾਂ ਨੂੰ ਲੱਖਾਂ-ਕਰੋੜਾਂ ਰੁਪਏ ਦੇ ਕੇ ਪੈਚਵਰਕ ਕਰਵਾਉਣ ਦੀ ਥਾਂ ਹੁਣ ਨਿਗਮ ਇਹ ਕੰਮ ਖੁਦ ਕਰਵਾਏਗਾ। ਇਸ ਲਈ 10 ਰਾਜ ਮਿਸਤਰੀ ਅਤੇ 100 ਬੇਲਦਾਰਾਂ ਨੂੰ ਠੇਕੇ ਦੇ ਅਧਾਰ 'ਤੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦਾ ਵੱਡਾ ਬਿਆਨ, ਭਾਜਪਾ ਸਮੇਤ ਅਕਾਲੀ ਦਲ ਨੂੰ ਦਿੱਤਾ ਝਟਕਾ
ਜਗਦੀਸ਼ ਦਕੋਹਾ ਨੇ ਕਿਹਾ ਕਿ ਹੁਣ ਲੁੱਕ-ਬਜਰੀ ਦੀ ਥਾਂ ਇੱਟਾਂ ਦੇ ਪੈਚਵਰਕ ਸ਼ਹਿਰ ਦੀਆਂ ਸੜਕਾਂ 'ਤੇ ਲਾਏ ਜਾਣਗੇ ਜੋ ਜ਼ਿਆਦਾ ਸਮੇਂ ਤੱਕ ਟਿਕੇ ਰਹਿਣਗੇ। ਇਸ ਤੋਂ ਇਲਾਵਾ ਨਿਗਮ ਦੇ ਜ਼ੋਨ ਦਫਤਰਾਂ ਵਿਚ ਲੁੱਕ-ਬਜਰੀ, ਰੇਤ, ਸੀਮੈਂਟ ਅਤੇ ਹੋਰ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਜੇ. ਈ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਜ਼ੋਨ ਨਾਲ ਸਬੰਧਤ ਕੌਂਸਲਰਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਨੋਟ ਕਰਨ ਅਤੇ ਦੂਰ ਕਰਵਾਉਣ। ਚੇਅਰਮੈਨ ਦਕੋਹਾ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਲੁੱਕ-ਬਜਰੀ ਦੇ ਵੱਡੇ ਠੇਕੇਦਾਰਾਂ ਅਤੇ ਨਿਗਮ ਅਧਿਕਾਰੀਆਂ ਨਾਲ ਬੈਠਕ ਰੱਖੀ ਹੈ, ਜਿਸ ਦੇ ਬਾਅਦ ਸ਼ਹਿਰ ਵਿਚ ਬਣਨ ਵਾਲੀਆਂ ਸੜਕਾਂ ਦੇ ਕੰੰਮ ਬਾਰੇ ਰਿਵਿਊ ਕੀਤਾ ਜਾਵੇਗਾ ਅਤੇ ਨਵੀਆਂ ਸੜਕਾਂ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ 'ਚ ਸਿੱਖ ਬਜ਼ੁਰਗ 'ਤੇ ਹੋਏ ਨਸਲੀ ਹਮਲੇ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
ਅਮਰੀਕਾ 'ਚ ਸਿੱਖ ਬਜ਼ੁਰਗ 'ਤੇ ਹੋਏ ਨਸਲੀ ਹਮਲੇ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
NEXT STORY