ਜਲੰਧਰ (ਖੁਰਾਣਾ) – ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਨਗਰ ਨਿਗਮ ਨੇ ਛਾਉਣੀ ਵਿਧਾਨ ਸਭਾ ਹਲਕੇ ਦੇ ਵਾਰਡਾਂ ਵਿਚ ਕੂੜੇ ਨੂੰ ਲੈ ਕੇ ਖਾਸ ਮੁਹਿੰਮ ਚਲਾਈ ਹੋਈ ਹੈ ਪਰ ਕਿਸੇ ਨਾ ਕਿਸੇ ਕਾਰਣ ਇਹ ਮੁਹਿੰਮ ਸਿਰੇ ਨਹੀਂ ਚੜ੍ਹ ਰਹੀ। ਇਸ ਦੌਰਾਨ ਨਾਰਥ ਵਿਧਾਨ ਸਭਾ ਹਲਕਾ, ਜੋ ਵਿਧਾਇਕ ਬਾਵਾ ਹੈਨਰੀ ਦਾ ਹਲਕਾ ਹੈ, 'ਚ ਕੂੜੇ ਕਾਰਨ ਬਵਾਲ ਮਚ ਗਿਆ। ਵਿਕਾਸਪੁਰੀ ਡੰਪ ਨੂੰ ਲੈ ਕੇ ਹੈਨਰੀ ਸਮਰਥਕ 2 ਕਾਂਗਰਸੀ ਕੌਂਸਲਰ ਆਹਮੋ-ਸਾਹਮਣੇ ਹੋ ਗਏ ਹਨ। ਕੇ. ਐੱਮ. ਵੀ. ਕਾਲਜ ਦੇ ਕੋਲ ਪੈਂਦੇ ਇਸ ਡੰਪ ਦਾ ਏਰੀਆ ਕਾਂਗਰਸੀ ਕੌਂਸਲਰ ਅਵਤਾਰ ਸਿੰਘ ਦੇ ਵਾਰਡ ਵਿਚ ਆਉਂਦਾ ਹੈ, ਜਿਸ ਨੂੰ ਲੈ ਕੇ ਆਸੇ-ਪਾਸੇ ਦੀਆਂ ਕਾਲੋਨੀਆਂ ਦੇ ਲੋਕ ਪ੍ਰਦਰਸ਼ਨ ਤੱਕ ਕਰ ਚੁੱਕੇ ਹਨ।
ਪਿਛਲੇ ਕੁਝ ਸਮੇਂ ਤੋਂ ਉਥੇ ਕੌਂਸਲਰ ਪਤੀ ਮਾਈਕ ਖੋਸਲਾ ਦੇ ਵਾਰਡ ਦਾ ਕੂੜਾ ਵੀ ਸੁੱਟਿਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਕੌਂਸਲਰ ਅਵਤਾਰ ਸਿੰਘ ਕਾਫੀ ਨਾਰਾਜ਼ ਸਨ। ਕੁਝ ਦਿਨ ਪਹਿਲਾਂ ਵੀ ਕੌਂਸਲਰ ਅਵਤਾਰ ਨੇ ਮਾਈਕ ਖੋਸਲਾ ਦੇ ਵਾਰਡ ਦਾ ਕੂੜਾ ਉਥੇ ਸੁੱਟਣ ਤੋਂ ਰੋਕ ਦਿੱਤਾ ਸੀ ਅਤੇ ਅੱਜ ਵੀ ਉਨ੍ਹਾਂ ਮਾਈਕ ਖੋਸਲਾ ਦੇ ਵਾਰਡ ਤੋਂ ਆਏ ਕੂੜੇ ਦੇ ਰੇਹੜੇ ਵਾਪਸ ਭੇਜ ਦਿੱਤੇ। ਇਸ ਦੀ ਸ਼ਿਕਾਇਤ ਮਾਈਕ ਖੋਸਲਾ ਨੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਕੀਤੀ, ਜਿਨ੍ਹਾਂ ਨੇ ਕੌਂਸਲਰਾਂ ਨੂੰ ਡੰਪ ਸਾਈਟ 'ਤੇ ਬੁਲਾ ਲਿਆ। ਦੋਵਾਂ ਵਿਚ ਗੱਲ ਨਾ ਬਣਦੀ ਵੇਖ ਨਿਗਮ ਕਮਿਸ਼ਨਰ ਨੇ ਦੋਵਾਂ ਕੌਂਸਲਰਾਂ ਨੂੰ ਬਾਅਦ ਦੁਪਹਿਰ ਆਪਣੇ ਆਫਿਸ ਬੁਲਾਇਆ ਪਰ ਪਤਾ ਲੱਗਾ ਹੈ ਕਿ ਇਹ ਮੀਟਿੰਗ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿਕਾਸਪੁਰੀ ਡੰਪ ਸਾਈਟ 'ਤੇ ਕੂੜੇ ਤੋਂ ਖਾਦ ਬਣਾਉਣ ਵਾਲੀ ਮਸ਼ੀਨ ਲੱਗਣ ਜਾ ਰਹੀ ਹੈ, ਜਿਸ ਦਾ ਉਥੋਂ ਦੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੇਨ ਰੋਡ 'ਤੇ ਡੰਪ ਸਾਈਟ ਬਣਾਉਣ ਨਾਲ ਕਈ ਸਮੱਸਿਆਵਾਂ ਆਉਣਗੀਆਂ।
ਨੰਗਲਸ਼ਾਮਾ ਪਲਾਂਟ ਦੀ ਸੁਣਵਾਈ ਟਲੀ
ਨਗਰ ਨਿਗਮ ਨੇ ਪਿੰਡ ਨੰਗਲਸ਼ਾਮਾ ਵਿਚ ਕੂੜੇ ਤੋਂ ਖਾਦ ਬਣਾਉਣ ਦਾ ਜੋ ਪ੍ਰਾਜੈਕਟ ਲਾਇਆ ਹੋਇਆ ਹੈ, ਉਸ ਨੂੰ ਸਥਾਨਕ ਲੋਕਾਂ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ। ਅਦਾਲਤ ਵੱਲੋਂ ਦਿੱਤੇ ਗਏ ਸਟੇਅ 'ਤੇ ਅੱਜ ਹਾਈ ਕੋਰਟ ਵਿਚ ਸੁਣਵਾਈ ਹੋਣੀ ਸੀ ਪਰ ਅੰਤਿਮ ਮੌਕੇ 'ਤੇ ਸੁਣਵਾਈ ਅਗਲੇ ਦਿਨਾਂ ਲਈ ਟਲ ਗਈ। ਮੰਨਿਆ ਜਾ ਰਿਹਾ ਹੈ ਕਿ ਹੁਣ ਸੋਮਵਾਰ ਨੂੰ ਇਸ ਮਾਮਲੇ ਵਿਚ ਅਦਾਲਤੀ ਫੈਸਲਾ ਸੁਣਾਇਆ ਜਾਵੇਗਾ।
ਲਗਾਤਾਰ ਘੱਟ ਰਿਹਾ ਹੈ ਮਾਡਲ ਟਾਊਨ ਡੰਪ ਦਾ ਕੂੜਾ
ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਨੇ ਪਿਛਲੇ ਕੁਝ ਸਮੇਂ ਤੋਂ ਕੂੜੇ ਦੇ ਵੱਡੇ ਉਤਪਾਦਕਾਂ 'ਤੇ ਸਖ਼ਤੀ ਕੀਤੀ ਹੋਈ ਹੈ, ਜਿਸ ਦੇ ਤਹਿਤ ਕਈ ਰੈਸਟੋਰੈਂਟਾਂ ਅਤੇ ਢਾਬਿਆਂ ਦੇ ਚਲਾਨ ਕੱਟੇ ਗਏ ਹਨ। ਇਸ ਸਖ਼ਤੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ, ਜੋ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਡੰਪ ਦਾ ਕੂੜਾ ਘੱਟ ਹੋਣ ਤੋਂ ਸਾਬਿਤ ਹੁੰਦਾ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਥੇ ਆਲੇ-ਦੁਆਲੇ ਦੇ ਵਾਰਡਾਂ ਤੋਂ ਕਰੀਬ 50 ਟਨ ਕੂੜਾ ਰੋਜ਼ਾਨਾ ਆਉਂਦਾ ਸੀ, ਜਿਸ ਵਿਚੋਂ ਜ਼ਿਆਦਾਤਰ ਕੂੜਾ ਵੱਡੇ ਉਤਪਾਦਕਾਂ ਦਾ ਹੁੰਦਾ ਸੀ। ਹੁਣ ਉਥੇ ਕਰੀਬ 40 ਟਨ ਕੂੜਾ ਆ ਰਿਹਾ ਹੈ ਅਤੇ ਜ਼ਿਆਦਾਤਰ ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਹੁੰਦਾ ਹੈ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਦੱਸਿਆ ਕਿ ਕੂੜੇ ਦੀ ਸੈਗਰੀਗੇਸ਼ਨ ਨੂੰ ਲੈ ਕੇ ਚਾਰ ਵਾਰਡਾਂ 'ਚ, ਜੋ ਮੁਹਿੰਮ ਚਲਾਈ ਗਈ ਸੀ, ਉਹ ਹੌਲੀ ਚੱਲ ਰਹੀ ਹੈ ਪਰ ਕੌਂਸਲਰ ਮਨਜੀਤ ਕੌਰ ਅਤੇ ਮਨਮੋਹਨ ਸਿੰਘ ਦੇ ਵਾਰਡ 'ਚ ਸੈਗਰੀਗੇਸ਼ਨ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਅਕਾਲੀ-ਕਾਂਗਰਸੀ ਟ੍ਰਾਂਸਪੋਟਰਾਂ ਦੇ ਪ੍ਰਕਾਸ਼ ਪੁਰਬ ਮੌਕੇ ਵਾਰੇ ਨਿਆਰੇ
NEXT STORY