ਚੰਡੀਗੜ੍ਹ (ਰਮਨਜੀਤ) - ਵਿਧਾਨਸਭਾ ਦਾ ਸਿਆਸੀ ਮਾਹੌਲ ਅੱਜ ਵੀ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਬਹੁਤ ਵਧੀਆ ਬਣਿਆ ਹੋਇਆ ਸੀ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਪਣੇ ਭਾਸ਼ਣ 'ਚ ਕਈ ਕਾਂਗਰਸੀਆਂ ਦੀ ਸ਼ਲਾਘਾ ਕਰ ਚੁੱਕੇ ਸਨ ਅਤੇ ਸਾਰੇ ਬਿੱਲ ਵੀ ਤਕਰੀਬਨ ਸ਼ਾਂਤਮਈ ਚਰਚਾ ਤੋਂ ਬਾਅਦ ਪਾਸ ਹੋ ਚੁੱਕੇ ਸਨ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਸਿਆਸੀ ਖੇਡ 'ਚ 'ਕੈਪਟਨ' ਦੀ ਚਾਲ ਵਿਧਾਨਸਭਾ ਸੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸਿਆਸੀ ਤੌਰ 'ਤੇ ਝਟਕਾ ਦੇ ਦੇਵੇਗੀ। ਇਸ ਗੱਲ ਦਾ ਅੰਦਾਜ਼ਾ ਸ਼ਾਇਦ ਖਹਿਰਾ ਨੂੰ ਵੀ ਨਹੀਂ ਸੀ ਕਿਉਂਕਿ ਕੁਝ ਹੀ ਸਮਾਂ ਪਹਿਲਾਂ ਖਹਿਰਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਅਤੇ ਬ੍ਰਹਮ ਮਹਿੰਦਰਾ ਤੋਂ ਗੁੱਸੇ 'ਚ ਮਾੜੇ ਸ਼ਬਦ ਬੋਲਣ ਲਈ ਮੁਆਫੀ ਮੰਗ ਚੁੱਕੇ ਸਨ ਪਰ ਦੋ ਦਿਨਾਂ ਤੋਂ ਸਦਨ 'ਚ ਸ਼ਾਂਤ ਬੈਠੀ ਕਾਂਗਰਸ ਨੇ ਸਰਦ ਰੁੱਤ ਸੈਸ਼ਨ ਦੇ ਅੰਤਿਮ ਪਲ ਬੈਂਸ ਭਰਾਵਾਂ ਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਇਹ ਪ੍ਰਸਤਾਵ ਇਕ ਤਰੀਕੇ ਨਾਲ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਕੇਂਦਰ 'ਚ ਰੱਖ ਕੇ ਪੇਸ਼ ਕੀਤਾ ਗਿਆ ਸੀ, ਜਿਸ ਨਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ।
ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਬੈਂਸ ਭਰਾਵਾਂ ਵੱਲੋਂ ਹਾਈਕੋਰਟ ਦੇ ਜੱਜ ਦੇ ਨਾਂ 'ਤੇ ਟੀ. ਕੇ. ਗੋਇਲ ਅਤੇ ਅਮਿਤ ਚੌਧਰੀ ਵਿਚਕਾਰ ਹੋਈ ਗੱਲਬਾਤ ਅਤੇ 35 ਲੱਖ ਰੁਪਏ ਦੀ ਡੀਲ ਦੀ ਆਡੀਓ ਸੀ. ਡੀ. ਜਾਰੀ ਕਰਨ ਨੂੰ ਲੈ ਕੇ ਬੈਂਸ ਭਰਾਵਾਂ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਸੂ-ਮਾਟੋ ਲਿਆ ਜਾਏ। ਪ੍ਰਸਤਾਵ ਸਦਨ 'ਚ ਆਉਂਦੇ ਹੀ ਸਿਆਸੀ ਭੂਚਾਲ ਆ ਗਿਆ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਖਿਲਾਫ ਸਾਜ਼ਿਸ਼ ਰਚ ਰਹੀ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਵਿਧਾਇਕਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਪਰ ਮੰਤਰੀ ਮੇਰੇ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਖਹਿਰਾ ਨੇ ਕਿਹਾ ਕਿ ਨਾ ਤਾਂ ਮੈਂ ਅਤੇ ਨਾ ਹੀ ਬੈਂਸ ਭਰਾਵਾਂ ਨੇ ਕਦੇ ਇਹ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਨਹੀਂ ਹੈ। ਇਸਦੇ ਬਾਵਜੂਦ ਇਹ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ, ਜੋ ਇਕ ਸਾਜ਼ਿਸ਼ ਲੱਗਦੀ ਹੈ।
ਹੈਵੀ ਟਰੱਕ ਮਾਲਕਾਂ ਲਈ 'ਜੀਅ ਦਾ ਜੰਜਾਲ' ਬਣਿਆ ਡੀ.ਟੀ.ਓ. ਦਫਤਰਾਂ ਦਾ ਖਾਤਮਾ
NEXT STORY