ਅੰਮ੍ਰਿਤਸਰ, (ਦਲਜੀਤ)- ਕਾਂਗਰਸ ਸਰਕਾਰ ਨੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਆਮ ਜਨਤਾ ਨੂੰ ਭਰਮਾ ਕੇ ਵੋਟਾਂ ਲੈਣ ਲਈ ਲੋਕਾਂ ਨਾਲ ਹੋਰ ਨਵੇਂ ਵਾਅਦੇ ਕਰਨ ਦੀ ਤਿਆਰੀ ਕਰਨ ਲਈ ਹੈ ਪਰ 8 ਮਹੀਨੇ ਪਹਿਲਾਂ ਕੀਤੇ ਵਾਅਦੇ ਤਾਂ ਜਿਉਂ ਦੇ ਤਿਉਂ ਹੀ ਹਨ ਤੇ ਵੋਟਾਂ ਦੌਰਾਨ ਘਰ-ਘਰ ਜਾਣ ਵਾਲੇ ਆਗੂ/ਮੰਤਰੀ ਅੱਜਕਲ ਕਿਸੇ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਦੇ। 8 ਮਹੀਨੇ ਪਹਿਲਾਂ ਕੀਤੇ ਵਾਅਦੇ ਤੇ ਵਾਅਦਿਆਂ ਨੂੰ ਲਾਰਿਆਂ 'ਚ ਤਬਦੀਲ ਹੋਣ ਤੋਂ ਅੱਕੇ ਹੋਏ ਸੂਬੇ ਦੇ ਨੌਜਵਾਨ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਮੁਲਾਜ਼ਮ ਆਗੂ ਸਰਕਾਰ 'ਤੇ ਦੋਸ਼ ਲਾ ਰਹੇ ਹਨ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਨੌਜਵਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ ਅਤੇ ਦੇਸ਼ ਦਾ ਭਵਿੱਖ ਜਾਣੇ ਜਾਂਦੇ ਨੌਜਵਾਨਾਂ ਲਈ ਸਰਕਾਰ ਦੇ ਕਿਸੇ ਵੀ ਆਗੂ ਕੋਲ ਸਮਾਂ ਨਹੀਂ ਹੈ। ਠੇਕਾ ਮੁਲਾਜ਼ਮਾਂ ਦੇ ਰੋਸ ਨੂੰ ਦੇਖਦਿਆਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਸਵੇਰ ਤੋਂ ਹੀ ਹਰਕਤ ਵਿਚ ਆਏ ਤੇ ਮੁਲਾਜ਼ਮਾਂ ਨਾਲ ਗੱਲਬਾਤ ਸ਼ੁਰੂ ਕੀਤੀ। ਮੁਲਾਜ਼ਮਾਂ ਦੇ ਰੋਸ ਨੂੰ ਦੇਖਦਿਆਂ ਕਾਂਗਰਸ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਨੇ ਮੌਕੇ 'ਤੇ ਆ ਕੇ ਭੁੱਖ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾਈ ਅਤੇ ਭਰੋਸਾ ਦਿੱਤਾ ਕਿ ਚੋਣਾਂ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਪੰਜਾਬ ਮੁਲਾਜ਼ਮ ਆਗੂਆਂ ਨਾਲ ਪੈਨਲ ਮੀਟਿੰਗ ਕਰਨਗੇ, ਜਿਸ ਉਪਰੰਤ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਵਿਕਾਸ ਕੁਮਾਰ, ਓਮ ਪ੍ਰਕਾਸ਼ ਅਨਾਰੀਆ, ਸਤਪਾਲ ਸਿੰਘ, ਹਰਿੰਦਰਪਾਲ ਸਿੰਘ ਜੋਸਨ ਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਜਲਦ ਹੀ ਗੱਲਬਾਤ ਦਾ ਸੱਦਾ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤੱਕ ਕੁਝ ਵੀ ਨਹੀਂ ਹੋਇਆ। ਸੁਵਿਧਾ ਮੁਲਾਜ਼ਮ ਆਪਣੇ ਖਰਚੇ ਕੱਢ ਕੇ ਸਰਕਾਰ ਨੂੰ ਕਮਾਈ ਕਰ ਕੇ ਦਿੰਦੇ ਸਨ ਪਰ ਹੁਣ ਉਲਟਾ ਹੋ ਰਿਹਾ ਹੈ। ਸੇਵਾ ਕੇਂਦਰ ਚਲਾ ਰਹੀ ਕੰਪਨੀ ਵੱਲੋਂ ਆਮ ਜਨਤਾ ਤੋਂ ਮੋਟੀਆਂ ਫੀਸਾਂ ਤਾਂ ਲਈਆਂ ਜਾ ਰਹੀਆਂ ਹਨ, ਨਾਲ ਹੀ ਸਰਕਾਰ ਤੋਂ ਵੱਖਰਾ ਪੈਸਾ ਵੀ ਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਐਕਟ ਵੀ ਸਰਕਾਰ ਨੇ ਲਟਕਾ ਰੱਖਿਆ ਗਿਆ ਹੈ। ਐਕਟ ਲਾਗੂ ਕਰ ਕੇ ਕੱਚੇ ਮੁਲਜ਼ਮਾਂ ਨੂੰ ਰੈਗੂਲਰ ਕਰਨ 'ਤੇ ਸਰਕਾਰ 'ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪੈਣਾ। ਸਰਕਾਰ ਵੱਲੋਂ ਗੱਲਬਾਤ ਨਾ ਸੁਣਨ ਕਰ ਕੇ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਏ ਹਨ।
ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦਾ ਹੋਕਾ ਦੇਣ ਵਾਲੀ ਸਰਕਾਰ ਦੀ ਅਸਲੀਅਤ ਸਾਹਮਣੇ ਆ ਗਈ ਹੈ। ਨੌਕਰੀ ਤਾਂ ਕੀ ਦੇਣੀ, ਸਰਕਾਰ 10-10 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ 'ਤੇ ਤੁਲ ਆਈ ਹੈ। ਸਰਕਾਰ ਵੱਲੋਂ ਮਨਰੇਗਾ ਤਹਿਤ ਕੰਮ ਕਰ ਰਹੇ 10 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਤੇ ਨਾਲ ਹੀ ਪੁੱਡਾ ਤੇ ਗਮਾਡਾ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ 31 ਦਸੰਬਰ ਤੋਂ ਬਾਅਦ ਨੌਕਰੀ ਤੋਂ ਕੱਢਣ ਦੇ ਆਦੇਸ਼ ਵੀ ਚਾੜ੍ਹ ਦਿੱਤੇ ਗਏ, ਜਿਸ ਨੂੰ ਮੁਲਾਜ਼ਮ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀ ਭੁੱਖ ਹੜਤਾਲ ਰਾਤ ਭਰ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਅੱਗੇ ਵਧਾਉਣਗੇ। ਅੱਜ ਹਰਪ੍ਰੀਤ ਸਿੰਘ, ਹਰਿੰਦਰਪਾਲ ਸਿੰਘ ਜੋਸਨ, ਸਤਪਾਲ ਸਿੰਘ, ਨਰੇਸ਼ ਕੁਮਾਰ, ਸੋਨੂੰ ਕੁਮਾਰ ਤੇ ਜੌਹਨ ਨੇ ਭੁੱਖ ਹੜਤਾਲ ਕੀਤੀ।
ਹੁਣ ਵੱਡੇ ਅਕਾਲੀਆਂ ਖਾਤਰ ਧਰਨੇ ਕੌਣ ਦੇਊ!
NEXT STORY