ਚੰਡੀਗੜ੍ਹ (ਵਿਜੇ) : ਵਿਆਹ ਸਮਾਰੋਹ ਲਈ ਹੁਣ ਜ਼ੀਰਕਪੁਰ ਵੱਲ ਜਾਣ ਦੀ ਲੋੜ ਨਹੀਂ ਪਵੇਗੀ। ਚੰਡੀਗੜ੍ਹ ਪ੍ਰਸ਼ਾਸਨ ਸੈਕਟਰ-24 ਦੇ ਪਾਰਕ ਵਿਊ 'ਚ ਸ਼ਹਿਰ ਦਾ ਸਭ ਤੋਂ ਵੱਡਾ ਕਨਵੈਂਸ਼ਨ ਸੈਂਟਰ ਬਣਾਉਣ ਜਾ ਰਿਹਾ ਹੈ। ਇਸ ਲਈ ਹੁਣ ਬਜਟ ਦੀ ਮੁਸ਼ਕਲ ਵੀ ਹੱਲ ਕਰ ਲਈ ਗਈ ਹੈ। ਪ੍ਰਸ਼ਾਸਨ ਵਲੋਂ ਪਾਰਕ ਵਿਊ 'ਚ ਕਨਵੈਨਸ਼ਨ ਸੈਂਟਰ ਨੂੰ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਬਜਟ ਨਾ ਹੋਣ ਕਾਰਨ ਸਿਟਕੋ ਇਸ ਪ੍ਰੋਜੈਕਟ 'ਤੇ ਅੱਗੇ ਕੰਮ ਨਹੀਂ ਕਰ ਪਾ ਰਿਹਾ ਸੀ। ਹੁਣ ਫੈਸਲਾ ਲਿਆ ਗਿਆ ਹੈ ਕਿ ਟੂਰਿਜ਼ਮ ਵਿਭਾਗ ਵਲੋਂ 5 ਕਰੋੜ ਰੁਪਏ ਸਿਟਕੋ ਦੇ ਖਾਤੇ 'ਚ ਪਾਏ ਜਾਣਗੇ। ਇਹ ਪੈਸਾ ਕੇਂਦਰ ਸਰਕਾਰ ਵਲੋਂ ਟੂਰਿਜ਼ਮ ਵਿਭਾਗ ਨੂੰ ਦਿੱਤਾ ਗਿਆ ਸੀ, ਜਿਸ ਨੂੰ ਛੇਤੀ ਹੀ ਸਿਟਕੋ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਇਹ ਫੈਸਲਾ ਦੋ ਦਿਨ ਪਹਿਲਾਂ ਬਜਟ ਨੂੰ ਲੈ ਕੇ ਹੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ 'ਚ ਲਿਆ ਗਿਆ। ਇਹ ਕਨਵੈਂਸ਼ਨ ਸੈਂਟਰ ਇਕ ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਹੋਵੇਗਾ। ਇਸ ਨੂੰ ਹੁਣ ਆਉਣ ਵਾਲੇ ਦੋ ਸਾਲਾਂ ਅੰਦਰ ਤਿਆਰ ਕਰ ਲਿਆ ਜਾਵੇਗਾ। ਕਨਵੈਂਸ਼ਨ ਸੈਂਟਰ ਉਸ ਥਾਂ ਬਣੇਗਾ ਜਿਥੇ ਅਜੇ ਤਕ ਆਫੀਸਰਜ਼ ਅਪਾਰਟਮੈਂਟਸ ਬਣਾਏ ਗਏ ਸਨ। ਪ੍ਰਸ਼ਾਸਨ ਦੀ ਪਲਾਨਿੰਗ ਪਹਿਲਾਂ ਪੁਰਾਣੇ ਏਅਰਪੋਰਟ ਟਰਮੀਨਲ ਦੀ ਥਾਂ ਕਨਵੈਂਸ਼ਨ ਸੈਂਟਰ ਬਣਾਉਣ ਦੀ ਸੀ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ।
ਗੁਰਦਾਸਪੁਰ ਚੋਣਾਂ : ਸੁਖਬੀਰ ਦਾ ਅਕਾਲੀ-ਭਾਜਪਾ ਗਠਬੰਧਨ 'ਤੇ ਬਿਆਨ, ਦਰਸਾ ਰਿਹਾ ਪਾਰਟੀ ਦੇ ਅੰਦਰੂਨੀ ਹਲਾਤ
NEXT STORY