ਜੈਤੋ (ਰਘੂਨੰਦਨ ਪਰਾਸ਼ਰ)-2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ’ਚ ਚੱਲ ਰਿਹਾ ਹੈ। ਅੱਜ 115ਵੇਂ ਜਥੇ ’ਚ ਜ਼ਿਲ੍ਹਾ (ਕਪੂਰਥਲਾ) ਦੇ 3 ਸਿੰਘਾਂ ਤੇ 2 ਬੀਬੀਆਂ ਰਾਜਵੰਤ ਕੌਰ ਪਿੰਡ ਜੈਦ, ਬਲਵਿੰਦਰ ਕੌਰ ਦਰਾਵਾ , ਰਾਮ ਲੁਭਾਇਆ ਸਿੰਘ, ਨਵਦੀਪ ਸਿੰਘ ਤੇ ਮਨਮੀਤ ਸਿੰਘ ਪਿੰਡ ਬੇਗੋਵਾਲ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫ਼ਤਾਰੀ ਦਿੱਤੀ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਇਹ ਧਰਮ ਯੁੱਧ ਮੋਰਚਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦਰਦ ਨੂੰ ਲੈ ਕੇ ਗ੍ਰਿਫ਼ਤਾਰੀਆਂ ਦੇ ਰਿਹਾ ਹੈ, ਦਾ ਪ੍ਰਭਾਵ ਸਿੱਖ ਕੌਮ ਤੇ ਪੂਰੇ ਸੰਸਾਰ ’ਚ ਵਧ ਰਿਹਾ ਹੈ।
ਸੰਗਤਾਂ ਮਹਿਸੂਸ ਕਰ ਰਹੀਆਂ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਕੁਰਸੀਆਂ ਦੇ ਲਾਲਚ ’ਚ ਡੁੱਬੇ ਹੁਕਮਰਾਨ ਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰ ਰਹੇ ਕੁਝ ਲੋਕ ਜੇ ਗੁਰੂ ਗ੍ਰੰਥ ਸਾਹਿਬ ਦੇ ਲਈ ਇਨਸਾਫ ਨਹੀਂ ਦੇ ਸਕਦੇ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਕੋਈ ਇਨ੍ਹਾਂ ਆਗੂਆਂ ਤੋਂ ਆਸ ਨਹੀਂ ਰੱਖਣੀ ਚਾਹੀਦੀ। ਇਸ ਮੋਰਚੇ ਦੀ ਸੋਚ ਮਾਨਵਤਾਵਾਦੀ ਲੋਕਾਂ ਦੇ ਅੰਦਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਘਰ ਕਰ ਰਹੀ ਹੈ ਤੇ ਇਸ ਦਾ ਪ੍ਰਭਾਵ ਕਾਂਗਰਸ ਸਰਕਾਰ ਤੇ ਵਿਰੋਧੀ ਧਿਰਾਂ ਦੇ ਗਲ ਦੀ ਹੱਡੀ ਬਣਿਆ ਪਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ,ਪ੍ਰਗਟ ਸਿੰਘ ਮੱਖੂ,ਅੰਮ੍ਰਿਤਪਾਲ ਸਿੰਘ ਸਿੱਧੂ ਲੋਗੋਵਾਲ,ਗੁਰਲਾਲ ਸਿੰਘ ਦਬੜੀਖਾਨਾ,ਗੁਰਸੇਵਕ ਸਿੰਘ ਫੌਜੀ,ਜਗਤਾਰ ਸਿੰਘ ਮਾਸਟਰ ਦਬੜੀਖਾਨਾ ਆਦਿ ਨੇ ਜਥੇ ਨੂੰ ਰਵਾਨਾ ਕੀਤਾ। ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ। ਜਥੇ. ਦਰਸ਼ਨ ਸਿੰਘ ਦਲੇਰ, ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰਇਤਿਹਾਸ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਬਰਨਾਲਾ ਦੀ ਅਨਾਜ ਮੰਡੀ ’ਚ ਹੋਈ ਖੂਨੀ ਵਾਰਦਾਤ, ਆੜ੍ਹਤੀਏ ਨੂੰ ਮਾਰੀਆਂ ਤਿੰਨ ਗੋਲ਼ੀਆਂ
NEXT STORY