ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ,ਕੁਲਦੀਸ਼): ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ 5 ਮੈਂਬਰਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਬੇਹੱਦ ਚੌਕਸ ਹੋ ਗਈਆਂ ਹਨ। ਵਾਇਰਸ ਦੀ ਰੋਕਥਾਮ ਲਈ ਸਿਹਤ ਵਿਭਾਗ ਦੀ ਟੀਮ ਨੇ ਪ੍ਰਸ਼ਾਸਨ ਨਾਲ ਮਿਲ ਕੇ ਉੱਦਮ ਸ਼ੁਰੂ ਕੀਤੇ ਹਨ। ਅੱਜ ਮ੍ਰਿਤਕ ਲਖਵਿੰਦਰ ਸਿੰਘ ਨੂੰ ਇਲਾਜ ਦੌਰਾਨ ਜਲੰਧਰ ਦੇ ਹਸਪਤਾਲ 'ਚ ਲੈਕੇ ਆਉਣ ਜਾਣ ਵਾਲੇ ਪਿੰਡ ਨਿਵਾਸੀ ਟੈਕਸੀ ਚਾਲਕ ਅਤੇ ਸੰਪਰਕ 'ਚ ਆਏ ਹੋਰ ਪਿੰਡ ਵਾਸੀ ਨੂੰ ਟੈਸਟ ਲਈ ਦਸੂਹਾ ਦੇ ਹਸਪਤਾਲ ਲਿਜਾਇਆ ਗਿਆ ਹੈ। ਐੱਸ.ਐੱਮ.ਓ. ਡਾਕਟਰ ਕੇ.ਆਰ ਬਾਲੀ ਦੀ ਅਗਵਾਈ 'ਚ ਪਹੁੰਚੀ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਦੋਵਾਂ ਵਿਅਕਤੀਆਂ ਨੂੰ ਟੈਸਟ ਲਈ ਹਸਪਤਾਲ ਲਿਜਾਇਆ।
ਇਸ ਦੌਰਾਨ ਡਾਕਟਰ ਬਾਲੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ 5 ਟੀਮਾਂ ਵਲੋਂ ਪਿੰਡ 'ਚ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਪਿੰਡ ਵਾਸੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਅਤੇ ਜੇਕਰ ਕੋਈ ਵੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਇਆ ਹੋਇਆ ਤਾਂ ਉਸਦਾ ਟੈਸਟ ਕਰਵਾਇਆ ਜਾਵੇਗਾ। ਇਸਦੇ ਨਾਲ ਪਿੰਡ 'ਚ ਘਰ-ਘਰ ਜਾ ਕੇ ਲੱਛਣਾਂ ਦੇ ਆਧਾਰ ਤੇ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਪਿੰਡ ਵਾਸੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਇਆ ਹੋਵੇ ਤਾਂ ਉਹ ਖੁਦ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਇਸਦੀ ਜਾਣਕਾਰੀ ਟੀਮ ਨੂੰ ਦੇਣ। ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਦੇ ਪਰਿਵਾਰ ਦੇ ਜਿਨ੍ਹਾਂ 4 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਨੂੰ ਵੀ ਘਰ 'ਚ ਏਕਾਂਤਵਾਸ 'ਚ ਰਹਿਣ ਲਈ ਹਦਾਇਤ ਦਿੱਤੀ ਗਈ ਹੈ। ਉੱਧਰ ਪਿੰਡ ਦੇ ਸਰਪੰਚ ਰਜਿੰਦਰ ਕੌਰ ਅਤੇ ਨੰਬਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਪਿੰਡ 'ਚ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੌਰਾਨ ਪਿੰਡ ਅਤੇ ਇਲਾਕੇ 'ਚ ਵਾਇਰਸ ਨੂੰ ਲੈ ਕੇ ਫਿਕਰਮੰਦੀ ਹੈ।
ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ 'ਤੇ ਵੱਡਾ ਫੇਰਬਦਲ
NEXT STORY