ਚੰਡੀਗੜ੍ਹ,(ਸ਼ਰਮਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਪਰਿਵਾਰ ਅਤੇ ਸਮਾਜ ਦੇ ਬਚਾਅ ਲਈ ਆਪੋ-ਆਪਣੇ ਘਰਾਂ 'ਚ ਰਹਿਣ ਨੂੰ ਤਰਜੀਹ ਦੇਣ। 'ਆਪ' ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਾਨੂੰ ਜਨ-ਸੰਪਰਕ ਜ਼ੀਰੋ ਕਰਨਾ ਪਵੇਗਾ। ਇਸ ਲਈ ਆਪਣੇ-ਆਪਣੇ ਘਰਾਂ 'ਚ ਰਹਿਣ ਤੋਂ ਬਿਹਤਰ ਹੋਰ ਕੋਈ ਬਚਾਅ ਨਹੀਂ ਹੈ। ਚੀਮਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਅਤੇ ਪਰਿਵਾਰਕ ਮੈਂਬਰਾਂ ਵਜੋਂ ਸਾਨੂੰ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਡਾਕਟਰਾਂ ਵਲੋਂ ਦਿੱਤੀਆਂ ਗਈ ਸਲਾਹਾਂ ਅਤੇ ਹਿਦਾਇਤਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਨਾ ਕਰਨੀ ਜ਼ਰੂਰੀ ਹੈ, ਤਾਂ ਕਿ ਕੋਰੋਨਾ ਵਾਇਰਸ ਦੇ ਪ੍ਰਤੀ ਦਿਨ ਵਧ ਰਹੇ ਮਾਮਲਿਆਂ 'ਤੇ ਕਾਬੂ ਪਾਇਆ ਜਾ ਸਕੇ।
ਚੀਮਾ ਨੇ ਕਿਹਾ ਕਿ ਅੱਜ ਸੰਸਾਰ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਬਹੁਤ ਸਾਰੇ ਦੇਸ਼ ਇਸ ਬਿਮਾਰੀ ਦੀ ਚਪੇਟ 'ਚ ਆ ਚੁੱਕੇ ਹਨ। ਇਸ ਤੋਂ ਬਚਣ ਲਈ ਜਿਥੇ ਸਾਨੂੰ ਹਿਦਾਇਤਾਂ ਮੁਤਾਬਿਕ ਵੱਧ ਤੋਂ ਵੱਧ ਪਰਹੇਜ਼ ਵਰਤਣ ਦੀ ਲੋੜ ਹੈ, ਉਥੇ ਪ੍ਰਮਾਤਮਾ ਅੱਗੇ ਇਸ ਔਖੀ ਘੜੀ 'ਚੋਂ ਕੱਢਣ ਲਈ ਦੁਆਵਾਂ ਤੇ ਅਰਦਾਸਾਂ ਵੀ ਘਰੋਂ-ਘਰੀਂ ਬੈਠ ਕੇ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਚਾਰੇ ਪਾਸੇ ਵਧ ਰਹੇ ਡਰ ਅਤੇ ਭੈਅ ਨੂੰ ਰੋਕਣ ਲਈ ਮਨੋਬਲ ਉਚਾ ਰਹੇ। ਹਰਪਾਲ ਚੀਮਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਗ਼ਰੀਬਾਂ ਅਤੇ ਦਿਹਾੜੀਦਾਰਾਂ ਲਈ ਘਰ-ਘਰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਸਪਲਾਈ ਕਰਨ ਲਈ ਵਿਸ਼ੇਸ਼ ਫ਼ੰਡ ਜਾਰੀ ਕਰਨ ਅਤੇ ਵਿਸ਼ੇਸ਼ ਟੀਮਾਂ ਗਠਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਰੋਜ਼ ਦੀ ਦਿਹਾੜੀ ਕਰ ਕੇ ਰੋਟੀ-ਪਾਣੀ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਨੂੰ ਘਰ ਬੈਠੇ-ਬੈਠੇ ਰਾਸ਼ਨ-ਪਾਣੀ ਦਾ ਲੋੜੀਂਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਬੁਨਿਆਦੀ ਡਿਊਟੀ ਹੈ। ਚੀਮਾ ਨੇ ਟ੍ਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ ਪੰਜਾਬ ਭਰ ਦੇ ਸਾਰੇ ਉਦਯੋਗਪਤੀਆਂ, ਕਾਰੋਬਾਰੀਆਂ, ਕੰਪਨੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਸਹਿਤ ਛੁੱਟੀਆਂ ਕਰਨ। ਚੀਮਾ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਉਠਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਕੁੱਝ ਸ਼ਰਾਰਤੀ ਅਤੇ ਲਾਲਚੀ ਅਨਸਰ ਕਾਲਾਬਾਜ਼ਾਰੀ ਕਰ ਕੇ ਨਾ ਕੇਵਲ ਲੋਕਾਂ ਨੂੰ ਲੁੱਟਦੇ ਹਨ ਸਗੋਂ ਜਾਣਬੁੱਝ ਕੇ ਡਰ ਦਾ ਮਾਹੌਲ ਵੀ ਪੈਦਾ ਕਰਦੇ ਹਨ।
ਪੱਟੀ 'ਚ ਬਿਜਲੀ ਮੁਲਾਜ਼ਮ ਦੇ ਘਰ ਦਾਗੀਆਂ ਗੋਲੀਆਂ, ਇਕ ਜ਼ਖਮੀ
NEXT STORY