ਅੰਮ੍ਰਿਤਸਰ,(ਦਲਜੀਤ ਸ਼ਰਮਾ)- ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਹੋਈ ਪਹਿਲੀ ਮੌਤ ਦੇ ਬਾਅਦ ਵੀ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ 'ਚ ਅਜੇ ਤੱਕ ਸਮਰੱਥ ਪ੍ਰਬੰਧ ਨਹੀਂ ਕੀਤੇ ਗਏ ਹਨ । ਹਸਪਤਾਲਾਂ ਵਿਚ ਜਿਥੇ ਤਾਇਨਾਤ ਸਟਾਫ ਲਈ ਨਾ ਤਾਂ ਮਾਸਕ ਅਤੇ ਨਾ ਹੀ ਸੈਨੀਟਾਈਜਰ ਉਪਲੱਬਧ ਕਰਵਾਏ ਗਏ ਹਨ । ਉਥੇ ਹੀ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੇ ਸਬੰਧੀ ਜਾਗ੍ਰਿਤੀ ਲਿਆਉਣ ਦੇ ਕੋਈ ਵਿਸ਼ੇਸ਼ ਕਦਮ ਵੀ ਨਹੀਂ ਚੁੱਕੇ ਗਏ ਹਨ । ਵਿਭਾਗ ਦੇ ਹਾਲਾਤ ਵੇਖ ਕੇ ਸਰਕਾਰੀ ਤੰਤਰ ਦੇ ਕਰਮਚਾਰੀਆਂ ਸਮੇਤ ਆਮ ਜਨਤਾ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਡਰੀ ਹੋਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਵਿਚ 3 ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਪੋਜ਼ੀਟਿਵ ਮਰੀਜ਼ ਮਿਲਿਆ ਸੀ। ਉਸ ਦੇ ਉਪਰੰਤ ਅੱਜ ਨਵਾ ਸ਼ਹਿਰ ਦੇ ਖੇਤਰ ਬੰਗਾ 'ਚ ਕੋਰੋਨਾ ਦੇ ਇਕ ਪੋਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹਰ ਹਾਲਾਤ ਨਾਲ ਨਿੱਬੜਨ ਲਈ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਅਸਲੀਅਤ ਵਿਚ ਸਿਰਫ ਝੂਠ ਦਾ ਪੁਲੰਦਾ ਹਨ । ਸਰਕਾਰੀ ਹਸਪਤਾਲਾਂ 'ਚ ਕੋਰੋਨਾ ਵਾਇਰਸ ਦੇ ਬਚਾਅ ਅਤੇ ਲੱਛਣਾਂ ਦੇ ਸੰਬੰਧ ਵਿਚ ਪੋਸਟਰ ਲਗਾਕੇ ਅਧਿਕਾਰੀਆਂ ਵੱਲੋਂ ਜਾਗ੍ਰਿਤੀ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦ ਕਿ ਸਰਕਾਰੀ ਹਸਪਤਾਲਾਂ 'ਚ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਸਰਕਾਰੀ ਪੱਧਰ 'ਤੇ ਨਾ ਹੀ ਮਾਸਕ ਅਤੇ ਨਾ ਹੀ ਸੈਨੀਟਾਈਜ਼ਰ ਉਪਲੱਬਧ ਕਰਵਾਏ ਗਏ ਹਨ । ਇੱਥੇ ਤੱਕ ਕਿ ਜਿਲ੍ਹੇ ਦੇ ਜ਼ਿਆਦਾਤਰ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਚੈਕ ਕਰਨ ਲਈ ਇਸਤੇਮਾਲ ਹੋਣ ਵਾਲੇ ਇੰਫਰਾਰੇਡ ਥਰਮਾਮੀਟਰ ਵੀ ਉਪਲੱਬਧ ਨਹੀਂ ਹਨ । ਉਥੇ ਹੀ ਜਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਵੀ ਉਕਤ ਸਾਰੀ ਸਮੱਸਿਆ ਸਰਕਾਰੀ ਹਸਪਤਾਲਾਂ ਵਿਚ ਦੇਖਣ ਨੂੰ ਮਿਲ ਰਹੀਆਂ ਹਨ । ਹਸਪਤਾਲ ਦੇ ਅਧਿਕਾਰੀ ਸਰਕਾਰੀ ਫੰਡ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਜਾਰੀ ਹੋਣ ਦਾ ਇੰਤਜਾਰ ਕਰ ਰਹੇ ਹਨ।
ਇਹ ਵੀ ਪੜ੍ਹੋ : https://jagbani.punjabkesari.in/punjab/news/punjab-government-releases-helpline-numbers-1190670
ਜਿਲਾ ਪੱਧਰ ਸਿਵਲ ਹਸਪਤਾਲ ਸਮੇਤ ਜਿਲ੍ਹੇ ਦੇ ਹੋਰ ਹਸਪਤਾਲਾਂ 'ਚ ਡਾਕਟਰ ਅਤੇ ਸਟਾਫ ਬਿਨਾਂ ਮਾਸਕ ਦੇ ਘੁੰਮ ਰਹੇ ਹਨ ਅਤੇ ਹੱਥਾਂ ਨੂੰ ਸੈਨੀਟਾਈਜ਼ਰ ਲਾਏ ਬਿਨਾਂ ਹੀ ਇੱਕ ਦੂੱਜੇ ਮਰੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਲ੍ਹੇ 'ਚ ਸਮਰੱਥ ਫੰਡ ਲਈ ਵਿਭਾਗ ਨੂੰ ਲਿਖਿਆ ਗਿਆ ਹੈ ਪਰ ਅਜੇ ਤੱਕ ਫੰਡ ਜਾਰੀ ਨਹੀਂ ਹੋਇਆ, ਸਗੋਂ ਉਸ ਵਿਚ ਵੀ ਕਾਫ਼ੀ ਘੱਟ ਫੰਡ ਦਿੱਤੇ ਗਏ ਹਨ ।
ਉੱਧਰ ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਹਰ ਹਾਲਤ ਨਾਲ ਨਿੱਬੜਨ ਲਈ ਇੱਕ ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦ ਕਿ ਗੱਲਾਂ ਦਾ ਪਹਾੜ ਬਣਾਉਣ ਵਾਲਾ ਸਿਹਤ ਵਿਭਾਗ ਸਮਰੱਥ ਫੰਡ ਨਾ ਆਉਣ ਦੇ ਕਾਰਨ ਬੇਬਸ ਵਿਖਾਈ ਦੇ ਰਹੇ ਹਨ।
ਜਗਬਾਣੀ ਦੀ ਟੀਮ ਵੱਲੋਂ ਜਦੋਂ ਅੱਜ ਹਕੀਕਤ ਜਾਣਨ ਲਈ ਸਰਕਾਰੀ ਅਫਸਰਾਂ ਦੀ ਜਾਂਚ ਕੀਤੀ ਗਈ ਤਾਂ ਵੇਖਿਆ ਗਿਆ ਕਿ ਕਈ ਕਰਮਚਾਰੀ ਤਾਂ ਆਪਣੇ ਆਪ ਆਪਣੀ ਸੁਰੱਖਿਆ ਲਈ ਆਪਣੇ ਪੈਸੇ ਖਰਚ ਕਰਕੇ ਮਾਸਕ ਲਗਾਕੇ ਕੰਮ ਕਰ ਰਹੇ ਸਨ, ਜਦੋਂ ਕਿ ਜਿਆਦਾਤਰ ਕਰਮਚਾਰੀ ਬਿਨਾਂ ਮਾਸਕ ਦੇ ਹੀ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ । ਕਈ ਕਰਮਚਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੇ ਮਾਸਕ ਅਤੇ ਸੈਨੀਟਾਈਜ਼ਰ ਲਈ ਕਈ ਵਾਰ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਪਰ ਅਧਿਕਾਰੀ ਹਨ ਕਿ ਉਨ੍ਹਾਂ ਦੇ ਕੰਨ 'ਤੇ ਜੂੰ ਹੀ ਨਹੀਂ ਸਰਕ ਰਹੀ । ਉਨ੍ਹਾਂ ਨੇ ਦੱਸਿਆ ਕਿ ਸਿਰਫ ਪੋਸਟਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਜਦ ਕਿ ਆਉਣ ਵਾਲੇ ਮਰੀਜ਼ਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਨੇ ਕਿਹਾ ਕਿ ਹਾਲਾਤ ਵੇਖਕੇ ਲੱਗ ਰਿਹਾ ਹੈ ਕਿ ਜੇਕਰ ਪੰਜਾਬ ਵਿਚ ਕੋਰੋਨਾ ਦੇ ਪੋਜ਼ੀਟਿਵ ਦੇ ਮਰੀਜ਼ ਵਧੇ ਤਾਂ ਸਿਹਤ ਵਿਭਾਗ ਲਈ ਉਨ੍ਹਾਂ ਨੂੰ ਸੰਭਾਲਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ । ਇਸ ਸੰਬੰਧ ਵਿੱਚ ਜਦੋਂ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਜਾਰੀ ਹੋਏ ਬਜਟ ਦੇ ਸੰਬੰਧ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਸੰਬੰਧ ਸਮਰੱਥ ਜਵਾਬ ਨਹੀਂ ਦਿੱਤਾ ।
ਇਹ ਵੀ ਪੜ੍ਹੋ : https://jagbani.punjabkesari.in/punjab/news/corona-virus--cova-mobile-app-launch-1188284
108 ਐਂਬੁਲੈਂਸ ਕਰਮਚਾਰੀਆਂ ਕੋਲ ਨਹੀਂ ਪੀ. ਪੀ. ਕਿੱਟ
108 ਐਂਬੂਲੈਂਸ ਕਰਮਚਾਰੀਆਂ ਨੇ ਸਿਹਤ ਵਿਭਾਗ ਨੂੰ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਪੀ. ਪੀ. ਕਿੱਟ ਉਨ੍ਹਾਂ ਨੂੰ ਉਪਲੱਬਧ ਕਰਵਾਈ ਜਾਵੇ। ਜੇਕਰ ਕਿੱਟ ਉਨ੍ਹਾਂ ਨੂੰ ਉਪਲੱਬਧ ਨਹੀਂ ਕਰਵਾਈ ਜਾਂਦੀ ਤਾਂ ਉਹ ਮਰੀਜ਼ ਨਹੀਂ ਉਠਾਉਣਗੇ । ਵਿਭਾਗ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕਿੱਟ ਚਾਹੀਦੀ ਹੈ ਤਾਂ ਉਹ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ।108 ਐਂਬੂਲੈਂਸ ਕਰਮਚਾਰੀਆਂ ਦੀ ਮੰਗ ਨੇ ਇੱਕ ਵਾਰ ਅਧਿਕਾਰੀਆਂ ਨੂੰ ਹਿੱਲਾ ਕੇ ਰੱਖ ਦਿੱਤਾ ਸੀ ਪਰ ਅਧਿਕਾਰੀਆਂ ਵੱਲੋਂ ਇਸ ਸੰਬੰਧ 'ਚ 108 ਐਂਬੁਲੈਂਸ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ।
ਜਿਲ੍ਹੇ ਵਿਚ ਨਹੀਂ ਰੁਕ ਰਹੀ ਮਾਸਕ ਅਤੇ ਸੈਨੀਟਾਈਜਰ ਦੀ ਬਲੈਕ
ਕੋਰੋਨਾ ਵਾਇਰਸ ਦੇ ਪੰਜਾਬ ਵਿਚ ਵੱਧਣ ਨਾਲ ਜਿੱਥੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਬਾਜ਼ਾਰ ਤੋਂ ਮਾਸਕ ਅਤੇ ਸੈਨੀਟਾਈਜ਼ਰ ਇਕ ਵਾਰ ਫਿਰ ਤੋਂ ਗਾਇਬ ਹੋ ਗਏ ਹਨ । ਸਿਹਤ ਵਿਭਾਗ ਦੀ ਸਖਤੀ ਦੇ ਬਾਵਜੂਦ ਜਿੱਥੇ ਮਾਰਕਸ ਬਲੈਕ ਵਿਚ ਜਿਵੇਂ ਵਿਕ ਰਹੇ ਹਨ, ਉਥੇ ਹੀ ਸੈਨੀਟਾਈਜ਼ਰ ਬਿਲਕੁੱਲ ਹੀ ਦੁਕਾਨਾਂ ਤੋਂ ਗਾਇਬ ਹੋ ਗਏ ਹਨ । ਪਿਛਲੇ ਦਿਨੀਂ ਵਿਭਾਗ ਵੱਲੋਂ ਇੱਕ ਸਰਜੀਕਲ ਦੁਕਾਨ 'ਤੇ ਛਾਪੇਮਾਰੀ ਕਰਕੇ ਉੱਥੋਂ ਵੀ ਅਜਿਹਾ ਹੀ ਕੋਈ ਸਾਮਾਨ ਬਰਾਮਦ ਕੀਤਾ ਸੀ, ਜੇਕਰ ਪੰਜਾਬ ਵਿਚ ਆਉਣ ਵਾਲੇ ਦਿਨਾਂ 'ਚ ਹਾਲਤ ਖ਼ਰਾਬ ਹੁੰਦੇ ਹਨ ਤਾਂ ਮਾਸਕ ਅਤੇ ਸੈਨੀਟਾਈਜ਼ਰ ਨਾ ਮਿਲਣ ਦੇ ਚਲਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਸਕਦੀਆਂ ਹਨ ।
ਮੋਹਾਲੀ ਦੀ ਕੰਪਨੀ 'ਚ 3 ਦਿਨ ਤਕ ਜਾਂਦੀ ਰਹੀ ਚੰਡੀਗੜ੍ਹ ਦੀ ਕੋਰੋਨਾ ਪੀੜਤਾ
NEXT STORY