ਮੋਗਾ (ਗੋਪੀ ਰਾਉੂਕੇ): ਪੰਜਾਬ 'ਚ ਕੋਰੋਨਾ ਵਾਇਰਸ ਕਰਕੇ ਲੱਗੇ ਲੰਬੇ ਕਰਫਿਊ ਨੇ ਖੇਤੀ ਦੇ ਨਾਲ-ਨਾਲ ਪ੍ਰਮੁੱਖ ਮੁਰਗੀ ਪਾਲਣ ਦੇ ਸਹਾਇਕ ਧੰਦੇ ਨੂੰ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਨਾਲ ਲੀਹੋਂ ਲਾਹ ਦਿੱਤਾ ਹੈ, ਪਹਿਲਾ ਮੁਰਗੀ ਪਾਲਕਾਂ ਨੂੰ ਰਾਜਸਥਾਨ ਬਾਰਡਰ 'ਤੇ ਮੁਰਗੀਆਂ ਲਈ ਦਾਣਾ ਲਈ ਖੜ੍ਹੇ ਟਰੱਕਾਂ ਨੂੰ ਮੰਗਵਾਉਣ 'ਚ ਭਾਰੀ ਮਸ਼ੱਕਤ ਕਰਨੀ ਪਈ ਤੇ ਹੁਣ ਮੋਗਾ ਜ਼ਿਲੇ 'ਚ ਪ੍ਰਸ਼ਾਸਨ ਵਲੋਂ ਮੁਰਗੀ ਪਾਲਕਾਂ ਨੂੰ ਘਰਾਂ 'ਚ ਮੀਟ ਅਤੇ ਅੰਡੇ ਦੀ ਹੋਮ ਡਲਿਵਰੀ ਲਈ ਹਾਲੇ ਤਕ ਇਜ਼ਾਜਤ ਨਾ ਦਿੱਤੇ ਜਾਣ ਕਰਕੇ ਮੁਰਗੀ ਪਾਲਕਾਂ ਦਾ ਸਮੁੱਚਾ ਕਾਰੋਬਾਰ ਤਬਾਹ ਹੋਣ ਕਿਨਾਰੇ ਪੁੱਜ ਗਿਆ ਹੈ, ਹੈਰਾਨੀ ਦੀ ਗੱਲ ਤਾ ਇਹ ਹੈ ਕਿ ਸਰਕਾਰ ਤੋਂ ਵੱਡੇ ਲੋਨ ਲੈ ਕੇ ਮੁਰਗੀ ਪਾਲਣ ਦਾ ਸਹਾਇਕ ਧੰਦਾ ਅਪਣਾ ਰਹੇ ਸੈਂਕੜੇ ਕਾਰੋਬਾਰੀਆਂ ਨੂੰ ਆਪਣੇ ਸਿਰ ਲੋਨ ਦੀਆਂ ਕਿਸ਼ਤਾਂ ਟੁੱਟਣ ਦਾ ਡਰ ਵੀ ਸਤਾਉਣ ਲੱਗਾ ਹੈ।
ਇਹ ਵੀ ਪੜ੍ਹੋ:15 ਫਰਵਰੀ ਦੇ ਬਾਅਦ ਆਉਣ ਵਾਲੇ ਹਰ ਇਕ ਪੰਜਾਬੀ NRI ਦੀ ਲਿਸਟ ਤਿਆਰ ਕਰਨ ਦੇ ਨਿਰਦੇਸ਼
'ਜਗ ਬਾਣੀ' ਵਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਮੋਗਾ ਜ਼ਿਲੇ ਵਿਚ ਲਗਭਗ 60 ਦੇ ਕਰੀਬ ਪੋਲਟਰੀ ਫਾਰਮ ਹਨ ਜਿਨ੍ਹਾਂ ਵਿਚ 4 ਤੋਂ 5 ਲੱਖ ਮੁਰਗੀਆਂ ਦਾ ਪਾਲਣ ਹੁੰਦਾ ਹੈ। ਚੀਨ ਵਿਚ ਕੋਰੋਨਾ ਦੀ ਬੀਮਾਰੀ ਫੈਲਣ ਮਗਰੋਂ ਇਸ ਕਾਰੋਬਾਰ ਸਬੰਧੀ ਫੈਲੀਆਂ ਅਫ਼ਵਾਹਾ ਕਰਕੇ ਪਹਿਲਾ ਹੀ ਇਹ ਕਾਰੋਬਾਰ ਖਰਾਬ ਹੋ ਗਿਆ ਸੀ ਤੇ ਹੁਣ ਤਾਂ ਇਕਦਮ ਹੀ ਕਾਰੋਬਾਰ ਵਿਚ ਖੜੋਤ ਆਉਣ ਕਰਕੇ ਮੁਰਗੀ ਪਾਲਣ ਦਾ ਧੰਦਾ ਅੰਤਿਮ ਸਾਹਾ 'ਤੇ ਪੁੱਜ ਗਿਆ ਹੈ। ਬੱਧਨੀ ਕਲਾ ਵਿਚ ਅੰਡਿਆ ਦੇ ਪੁਰਾਣੇ ਕਾਰੋਬਾਰੀ ਹਰੀ ਰਾਮ ਦਾ ਕਹਿਣਾ ਸੀ ਕਿ ਕੋਰੋਨਾ ਦੀ ਮਾਰ ਕਰਕੇ ਅੰਡਿਆਂ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੈ। ਉਨ੍ਹਾਂ ਕਿਹਾ ਕਿ ਅੰਡਿਆਂ ਦੀ ਸਪਲਾਈ ਮੋਗਾ ਜ਼ਿਲੇ ਦੇ ਪੋਲਟਰੀ ਫਾਰਮਾ ਤੋਂ ਅੱਗੇ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਥੋਕ ਦੇ ਅੰਡੇ ਵਿਕਰੇਤਾ ਕੋਲ ਜੋਂ ਪੁਰਾਣਾ ਸਟਾਕ ਪਿਆ ਹੈ ਉਹ ਵੀ ਖਰਾਬ ਹੋਣ ਦਾ ਡਰ ਹੈ ਕਿਉਂਕਿ ਮੋਗਾ ਜ਼ਿਲੇ 'ਚ ਹਾਲੇ ਤਕ ਅੰਡਿਆਂ ਅਤੇ ਮੀਟ ਦੀਆਂ ਦੁਕਾਨਾਂ ਨੂੰ ਘਰੋਂ-ਘਰੀ ਸਪਲਾਈ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਜ਼ਬੂਰੀਵੱਸ ਭਾਵੇਂ ਕਰਫਿਊ ਲਾਉਣਾ ਸਰਕਾਰ ਦਾ ਸਹੀ ਫੈਸਲਾ ਹੈ ਪ੍ਰੰਤੂ ਇਸ ਨਾਲ ਕਾਰੋਬਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸੇ ਦੌਰਾਨ ਜਦੋਂ ਮਾਮਲੇ ਦਾ ਪੱਖ ਜਾਨਣ ਲਈ ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਫੋਨ ਨਾਂ ਚੁੱਕਣ ਕਰਕੇ ਸੰਪਰਕ ਸਥਾਪਤ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਬਰਨਾਲਾ 'ਚ ਪੁਲਸ ਮੁਲਾਜ਼ਮ ਸਣੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਆਏ ਸਾਹਮਣੇ
ਘਰੋਂ-ਘਰੀ ਸਪਲਾਈ ਦੀ ਇਜਾਜ਼ਤ ਨਹੀਂ ਦੇਣੀ ਤਾਂ ਮੁਰਗੀਆਂ ਮਾਰਨ ਦੀ ਇਜਾਜ਼ਤ ਦੇਵੇ ਪ੍ਰਸ਼ਾਸਨ : ਹਿਤੇਸ਼ ਸੂਦ
ਮੋਗਾ ਵਿਖੇ ਪੋਲਟਰੀ ਫਾਰਮ ਦਾ ਧੰਦੇ ਨਾਲ ਪੁਰਾਣੇ ਜੁੜੇ ਹਿਤੇਸ਼ ਸੂਦ ਦਾ ਕਹਿਣਾ ਸੀ ਕਿ ਪੰਜਾਬ ਦੇ ਕਈ ਜ਼ਿਲਿਆਂ ਦੇ ਜ਼ਿਲਾ ਪ੍ਰਸ਼ਾਸਨ ਨੇ ਘਰੋਂ ਘਰੀ ਹੋਮ ਡਿਲਵਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪ੍ਰੰਤੂ ਮੋਗਾ ਜ਼ਿਲਾ ਪ੍ਰਸ਼ਾਸਨ ਨੇ ਹਾਲੇ ਤਕ ਇਹ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਗੇੜੇ ਕੱਢ ਕੇ ਹੁਣ ਤਾ 'ਹੰਭ' ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੀਟ ਅਤੇ ਅੰਡਿਆਂ ਦੀ ਹੋਮ ਡਿਲਵਰੀ ਕਰਨ ਦੀ ਇਜਾਜ਼ਤ ਨਹੀਂ ਦੇਣੀ ਤਾ 5 ਲੱਖ ਮੁਰਗੀਆਂ ਮਾਰਨ ਦੀ ਇਜਾਜ਼ਤ ਹੀ ਦੇ ਦੇਵੇ ਕਿਉਂਕਿ ਉਨ੍ਹਾਂ ਕੋਲ ਹੁਣ ਆਪਣੇ ਪੱਧਰ 'ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਤੋਂ ਹੱਥ ਖੜ੍ਹੇ ਹਨ।
ਜਲੰਧਰ: ਚੁਗਿੱਟੀ ਫਲਾਈਓਵਰ 'ਤੇ ਪਲਟੀਆਂ ਖਾ ਕੇ ਡਿੱਗੀ ASI ਦੀ ਗੱਡੀ, ਮੌਤ
NEXT STORY