ਨਵਾਂਸ਼ਹਿਰ (ਤ੍ਰਿਪਾਠੀ)— ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਆਮ ਲੋਕਾਂ 'ਚ ਪਾਈਆਂ ਜਾ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਲਾਕ ਪੱਧਰੀ ਸਿਖਲਾਈ ਲਾਉਣ ਦੀ ਹਦਾਇਤ ਕੀਤੀ ਗਈ ਹੈ। ਬੀਤੀ ਸ਼ਾਮ ਇਥੇ ਵੱਖ-ਵੱਖ ਜ਼ਿਲਾ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਯਾਫਤਾ ਅਧਿਕਾਰੀ/ਕਰਮਚਾਰੀ ਆਪੋ-ਆਪਣੇ ਫੀਲਡ ਸਟਾਫ ਰਾਹੀਂ ਪਿੰਡ ਅਤੇ ਸ਼ਹਿਰੀ ਵਾਰਡ ਪੱਧਰ 'ਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਗੇ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਪ੍ਰਤੀ ਲੋਕਾਂ 'ਚ ਜਾਣਕਾਰੀ ਦੀ ਘਾਟ ਕਾਰਨ ਡਰ ਅਤੇ ਘਬਰਾਹਟ ਪਾਈ ਜਾ ਰਹੀ ਹੈ, ਜਿਸ ਨੂੰ ਦੂਰ ਕਰਨ ਅਤੇ ਇਸ ਤੋਂ ਬਚਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਹੀ ਇਹ ਸਿਖਲਾਈ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਲ੍ਹ ਅਤੇ ਪਰਸੋਂ ਬਲਾਕ ਪੱਧਰੀ ਇੱਕ-ਇੱਕ ਘੰਟੇ ਦੀਆਂ ਵਰਕਸ਼ਾਪਾਂ 'ਚ ਇਹ ਸਿਖਲਾਈ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਹ ਅੱਗੇ ਆਪਣੇ ਫੀਲਡ ਸਟਾਫ ਨੂੰ ਇਹ ਸਿਖਲਾਈ ਦੇ ਕੇ ਪਿੰਡ ਪੱਧਰ ਤੱਕ ਸੰਪਰਕ ਕਰਨ ਲਈ ਭੇਜਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਲਾਹਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਰੇਕ ਜ਼ਿਲ੍ਹੇ 'ਚ ਆਈਸੋਲੇਸ਼ਨ ਵਾਰਡ ਕਾਇਮ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਵੱਖ-ਵੱਖ ਥਾਈਂ ਮੌਕ ਡ੍ਰਿਲ ਵੀ ਕੀਤੀ ਜਾ ਚੁੱਕੀ ਹੈ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਤਿਆਰੀ ਨੂੰ ਅਨੁਮਾਨਿਆ ਜਾ ਸਕੇ। ਡਿਪਟੀ ਕਮਿਸ਼ਨਰ ਅਨੁਸਾਰ ਕੋਰੋਨਾ ਵਾਇਰਸ ਸਬੰਧੀ ਮੋਬਾਇਲ ਐਪ ਕੋਵਾ ਵੀ ਗੂਗਲ ਪਲੇਅ ਸਟੋਰ 'ਤੇ ਮੌਜੂਦ ਹੈ, ਜਿਸ ਨੂੰ ਡਾਊਨਲੋਡ ਕਰਕੇ ਸਾਧਾਰਨ ਨਾਗਰਿਕ ਵੀ ਰੋਜ਼ਾਨਾ ਦੀ ਅਪਡੇਟ ਲੈ ਸਕਦਾ ਹੈ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਅਫਵਾਹ 'ਤੇ ਯਕੀਨ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਮੈਸੇਜ ਨੂੰ ਸੋਸ਼ਲ ਮੀਡੀਆ 'ਚ ਅੱਗੇ ਭੇਜਿਆ ਜਾਵੇ, ਕਿਉਂ ਜੋ ਗਲਤ ਮੈਸੇਜ ਭੇਜੇ ਜਾਣ ਨਾਲ ਆਮ ਲੋਕਾਂ 'ਚ ਡਰ ਦੀ ਭਾਵਨਾ ਬਣਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਨੈਸ਼ਨਲ ਕਾਲ ਸੈਂਟਰ ਜਾਂ ਸਟੇਟ ਕੰਟਰੋਲ ਰੂਮ 'ਤੇ ਸੰਪਰਕ ਕਰਕੇ ਦਿੱਤੀ ਜਾਵੇ । ਮੀਟਿੰਗ 'ਚ ਏ ਡੀ ਸੀ (ਜ) ਅਦਿਤਿਆ ਉੱਪਲ, ਏ. ਡੀ. ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐੱਸ. ਪੀ (ਐਚ) ਬਲਵਿੰਦਰ ਸਿੰਘ ਭੀਖੀ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸ. ਡੀ. ਐੱਮ. ਬੰਗਾ ਗੌਤਮ ਜੈਨ, ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ, ਡੀ ਐਸ ਪੀ ਦੀਪਿਕਾ ਸਿੰਘ ਆਦਿ ਮੌਜੂਦ ਸਨ।
ਕੋਰੋਨਾ ਵਾਇਰਸ ਦੀ ਰੋਕਥਾਮ ਲਈ 100 ਤੋਂ ਵਧੇਰੇ ਆਈਸੋਲੇਸ਼ਨ ਵਾਰਡ ਤਿਆਰ
ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਅਤੇ ਕੰਟਰੋਲ ਲਈ ਕੀਤੇ ਪ੍ਰਬੰਧਾਂ ਦੇ ਅਭਿਆਸ ਲਈ ਬੀਤੇ ਦਿਨ ਦੁਪਹਿਰ ਗੋਹਲੜੋ ਵਿਖੇ ਮੌਕ ਡਰਿੱਲ ਕਰਨ ਬਾਅਦ ਸ਼ਾਮ ਨੂੰ ਸਲੋਹ ਰੋਡ ਨਵਾਂਸ਼ਹਿਰ ਦੇ ਮਾਡਲ ਟਾਊਨ ਵਿਖੇ ਮੌਕ ਡਰਿੱਲ ਤਹਿਤ ਸ਼ਹਿਰੀ ਏਰੀਏ 'ਚ ਵਿਸ਼ੇਸ਼ ਸਰਵੇਖਣ ਮੁਹਿੰਮ ਚਲਾਈ ਗਈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਅਨੁਸਾਰ ਜ਼ਿਲੇ 'ਚ 8 ਆਰ. ਆਰ. ਟੀ. ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਡਾਕਟਰ, ਫਾਰਮਾਸਿਸਟ, ਪੈਰਾ-ਮੈਡੀਕਲ ਸਟਾਫ, ਬੀ. ਈ. ਈ. ਆਦਿ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਤੋਂ ਵਧੇਰੇ ਆਈਸੋਲੇਸ਼ਨ ਅਤੇ ਕੁਆਰਨਟਾਈਨ ਵਾਰਡ ਤਿਆਰ ਕੀਤੇ ਗਏ ਹਨ ਤਾਂ ਜੋ ਲੋੜ ਪੈਣ 'ਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਏਅਰਪੋਰਟ ਤੋਂ ਡਾਕਟਰੀ ਹਿਰਾਸਤ 'ਚ ਲਏ ਸਪੇਨ ਦੇ 11 ਯਾਤਰੀਆਂ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ
NEXT STORY