ਮੇਹਟੀਆਣਾ (ਸੰਜੀਵ)— ਬੀਤੀ 6 ਮਈ ਨੂੰ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਹਰਖੋਵਾਲ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਪੀੜਤ ਹਰਨੇਕ ਸਿੰਘ ਪਿਛਲੇ ਲੰਮੇ ਸਮੇਂ ਤੋਂ ਗੁਰਦੇ ਦੀ ਇਨਫੈਕਸ਼ਨ ਅਤੇ ਪੀਲੀਏ ਦੀ ਬੀਮਾਰੀ ਤੋਂ ਪ੍ਰਭਾਵਿਤ ਸੀ। ਉਸ ਦਾ ਡਾਕਟਰੀ ਇਲਾਜ਼ ਚੱਲ ਰਿਹਾ ਸੀ। ਬੀਤੀ 3 ਮਈ ਨੂੰ ਜਦੋਂ ਉਹ ਆਪਣਾ ਚੈੱਕਅਪ ਕਰਵਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਸੀ।
ਅੰਮ੍ਰਿਤਸਰ ਹਸਪਤਾਲ ਵਿਖੇ ਉਸ ਦਾ 5 ਮਈ ਨੂੰ ਕਰੋਨਾ ਟੈਸਟ ਕੀਤਾ ਗਿਆ ਪਰ 6 ਮਈ ਨੂੰ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ 7 ਮਈ ਨੂੰ ਆਈ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਸ਼ੁੱਕਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਸਿਹਤ ਵਿਭਾਗ ਦੀ ਦੇਖਰੇਖ ਹੇਠ ਉਸ ਦੇ ਪਿੰਡ ਹਰਖੋਵਾਲ ਵਿਖੇ ਪਹੁੰਚਾਇਆ ਗਿਆ। ਜਿੱਥੇ ਕਿ ਸਿਹਤ ਵਿਭਾਗ ਵੱਲੋਂ ਐੱਸ. ਐੱਮ. ਓ. ਹਾਰਟਾ ਬਡਲਾ ਡਾ ਸੁਨੀਲ ਅਹੀਰ, ਤਹਿਸੀਲਦਾਰ ਹਰਮਿੰਦਰ ਸਿੰਘ,ਸਬ ਡਵੀਜ਼ਨਲ ਮੈਜਿਸਟਰੇਟ ਅਮਿਤ ਮਹਾਜਨ ਐੱਸ. ਐੱਚ. ਓ ਪ੍ਰਦੀਪ ਸਿੰਘ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ ਰੇਖ ਹੇਠ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਡਾ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡਾ ਸੁਨੀਲ ਅਹੀਰ ਨੇ ਇਸ ਮੌਕੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਰਿਵਾਰਕ ਸਾਂਝ ਬਣਾਈ ਰੱਖਣ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਾਬਕਾ ਫੌਜੀ ਸੀ ਹਰਨੇਕ ਸਿੰਘ
ਜਾਣਕਾਰੀ ਮੁਤਾਬਕ ਹਰਨੇਕ ਸਿੰਘ ਦਾ ਜੱਦੀ ਪਿੰਡ ਪੱਖੋਵਾਲ ਨੇੜੇ ਗੜ੍ਹਸ਼ੰਕਰ ਸੀ ਅਤੇ ਉਹ ਫੌਜ ਵਿਚ ਨੌਕਰੀ ਕਰਦਾ ਸੀ। 15 ਕੁ ਸਾਲ ਪਹਿਲਾਂ ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਆਪਣੇ ਸਹੁਰੇ ਪਰਿਵਾਰ ਪਿੰਡ ਹਰਖੋਵਾਲ ਵਿਖੇ ਰਹਿਣ ਲੱਗਾ ਸੀ। ਫੌਜ ਵਿਚੋਂ ਰਿਟਾਇਰ ਹੋਣ ਮਗਰੋਂ ਉਹ ਆਪਣੀ ਪੈਨਸ਼ਨ ਤੇ ਗੁਜ਼ਾਰਾ ਕਰਦਾ ਸੀ। ਰਿਸ਼ਤੇ 'ਚ ਲੱਗਦੇ ਉਸ ਦੇ ਦੋਵੇਂ ਸਾਲੇ ਅਤੇ ਉਸ ਦੀ ਸੱਸ ਵਿਦੇਸ਼ 'ਚ ਰਹਿ ਰਹੇ ਹਨ। ਮ੍ਰਿਤਕ ਹਰਨੇਕ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਪਤਨੀ ਨੂੰ ਰੋਂਦੇ ਵਿਲਕਦਿਆਂ ਛੱਡ ਗਿਆ।
ਵੱਡੀ ਖਬਰ : ਪੰਜਾਬ 'ਚ ਕੋਰੋਨਾ ਕਾਰਨ 30ਵੀਂ ਮੌਤ, ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਨੇ ਤੋੜਿਆ ਦਮ
NEXT STORY