ਜਲੰਧਰ (ਜਤਿੰਦਰ ਚੋਪੜਾ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਵੀ ਕਾਲ ਬਣਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਰੋਜ਼ਾਨਾ ਕਿਸੇ ਨਾ ਕਿਸੇ ਜ਼ਿਲ੍ਹੇ 'ਚੋਂ ਮਰੀਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 1177 ਤੱਕ ਪਹੁੰਚ ਚੁੱਕੀ ਹੈ ਜਦਕਿ ਹੁਣ ਤੱਕ 25 ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਆਪਣੀ ਜਾਨ ਗੁਆਉਣੀ ਪਈ ਹੈ। ਜਲੰਧਰ ਸ਼ਹਿਰ 'ਚੋਂ ਰੋਜ਼ਾਨਾ 30 ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਜਿੱਥੇ ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਚਿੰਤਾ 'ਚ ਹੈ, ਉਥੇ ਹੀ ਵੱਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਨਵੀਂ ਲਿਸਟ ਜਾਰੀ ਕਰਨ ਦੇ ਨਾਲ-ਨਾਲ ਕਈ ਹੋਰ ਨਵੇਂ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਸਖ਼ਤੀ ਵਰਤਦੇ ਹੋਏ ਜਲੰਧਰ 'ਚ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ, ਜੋਕਿ ਪੂਰੀ ਤਰ੍ਹਾਂ ਸੀਲ ਰਹਿਣਗੇ ਅਤੇ ਸਮੇਂ-ਸਮੇਂ 'ਤੇ ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਤਬਦੀਲੀ ਵੀ ਕੀਤੀ ਜਾਵੇਗੀ। ਇਹ ਫੈਸਲਾ ਸਿਵਲ ਸਰਜਨ ਦੀ ਰਿਪੋਰਟ ਨੂੰ ਵੇਖਦੇ ਹੋਏ ਲਿਆ ਗਿਆ ਹੈ।
ਇਹ ਹੋਣਗੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਲਿਸਟ 'ਚ ਦਿਹਾਤੀ ਜ਼ੋਨ 'ਚੋਂ ਅਮਨ ਨਗਰ ਕਰਤਾਰਪੁਰ, ਰੋਜ਼ ਪਾਰਕ ਕਰਤਾਰਪੁਰ, ਸਮਰਾਏ ਜੰਡਿਆਲਾ, ਅਰੋੜਾ ਮੁਹੱਲਾ ਭੋਗਪੁਰ, ਦਸ਼ਮੇਸ਼ ਨਗਰ, ਨੱਥ ਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਅਰਬਨ ਜ਼ੋਨ 'ਚ ਉੱਚਾ ਸੁਰਾਜ ਗੰਜ, ਸੰਜੇ ਗਾਂਧੀ ਨਗਰ ਸ਼ਾਮਲ ਹਨ। ਰਾਮ ਨਗਰ, ਠਾਕੁਰ ਨਗਰ, ਅਟਵਾਲ ਹਾਊਸ, ਕਾਜ਼ੀ ਮੁਹੱਲਾ, ਕੱਟੜਾ ਮੁਹੱਲਾ ਬਸਤੀ ਬਾਵਾ ਖੇਲ, ਈਸ਼ਾ ਨਗਰ ਸ਼ਾਮਲ ਹਨ। ਇਨ੍ਹਾਂ ਕੇਸਾਂ 'ਚ 5 ਤੋਂ ਲੈ ਕੇ 13 ਤੱਕ ਪਾਜ਼ੇਟਿਵ ਕੇਸ ਮਿਲ ਚੁੱਕੇ ਹਨ।
ਇਹ ਹੋਣਗੇ ਕੰਟੇਨਮੈਂਟ ਜ਼ੋਨ
ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ ਅਰਬਨ ਜ਼ੋਨ 'ਚ ਫਹਿਤਪੁਰ (ਕਿਸ਼ਨਪੁਰ) ਅਤੇ ਮਖਦੂਮਪੁਰਾ ਸ਼ਾਮਲ ਹਨ। ਇਨ੍ਹਾਂ ਇਲਾਕਿਆਂ 'ਚ 16 ਤੋਂ ਲੈ ਕੇ 30 ਤੱਕ ਪਾਜ਼ੇਟਿਵ ਕੇਸ ਪਾਏ ਗਏ ਹਨ।
ਘਨਸ਼ਾਮ ਥੋਰੀ ਨੇ ਕਿਹਾ ਹੈ ਕਿ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਨੂੰ ਸਿਹਤ ਮਹਿਕਮੇ ਦੇ ਪ੍ਰੋਟੋਕਾਲ ਅਨੁਸਾਰ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ ਅਤੇ ਸਮੇਂ-ਸਮੇਂ 'ਤੇ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਲਿਸਟ 'ਚ ਤਬਦੀਲੀ ਕੀਤੀ ਜਾਵੇਗੀ। ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਹੋਰ ਵੀ ਤਰ੍ਹਾਂ ਦੇ ਹੁਕਮ ਦਿੱਤੇ ਗਏ ਹਨ, ਜੋਕਿ ਹੇਠ ਲਿਖੀ ਲਿਸਟ 'ਚ ਤੁਸੀਂ ਵੇਖ ਸਕਦੇ ਹੋ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਇਲਾਕਿਆਂ 'ਚ ਸਿਹਤ ਮਹਿਕਮੇ ਦੇ ਇਕ ਅਧਿਕਾਰੀ, ਪੁਲਸ ਅਧਿਕਾਰੀ ਅਤੇ ਇਕ ਡਾਕਟਰ ਦੀ ਵੀ ਡਿਊਟੀ ਲਗਾਈ ਗਈ ਹੈ, ਜੋ ਰੋਜ਼ਾਨਾ ਤਿੰਨ ਵਾਰ ਇਨ੍ਹਾਂ ਇਲਾਕਿਆਂ ਦੀ ਚੈਕਿੰਗ ਕਰਨਗੇ।
ਨਾਭਾ 'ਚ ਪਏ ਮੀਂਹ ਕਾਰਨ ਖਿੜੇ ਕਿਸਾਨਾਂ ਦੇ ਚਿਹਰੇ, ਆਮ ਲੋਕਾਂ ਨੂੰ ਰਾਹਤ
NEXT STORY