ਲੁਧਿਆਣਾ/ਬਰਨਾਲਾ, (ਸਹਿਗਲ,ਅਮਰਜੀਤ)— ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਮਰੀ ਸ਼ੱਕੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਵਾਇਰਸ ਦੇ ਨਾਲ ਅੱਜ 11ਵੀਂ ਮੌਤ ਹੋ ਗਈ ਹੈ। ਕੋਰੋਨਾ ਕਾਰਨ ਮਰੀ ਉਕਤ ਮਹਿਲਾ ਲੁਧਿਆਣਾ ਦੇ ਹਸਪਤਾਲ ਫੋਰਟਿਸ ਹਸਪਤਾਲ 'ਚ ਦਾਖਲ ਸੀ ਅਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਸੀ। ਦਰਅਸਲ ਉਕਤ ਮਹਿਲਾ ਨੇ ਅੱਜ ਸਵੇਰੇ ਹੀ ਫੋਰਟਿਸ ਹਸਪਤਾਲ 'ਚ ਦਮ ਤੋੜ ਦਿੱਤਾ ਸੀ,ਜਿਸ ਤੋਂ ਬਾਅਦ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਜ਼ਿਲਾ ਪ੍ਰਸ਼ਾਸਨ ਨੇ ਮਹਿਲਾ ਦੇ ਸੈਂਪਲ ਦੀ ਰਿਪੋਰਟ ਆਉਣ ਤੱਕ ਲਾਸ਼ ਨੂੰ ਮੋਰਚਰੀ 'ਚ ਰੱਖਵਾ ਦਿੱਤਾ ਸੀ।
ਇਹ ਵੀ ਪੜ੍ਹੋ : 2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ
ਇਸ ਮਾਮਲੇ 'ਚ ਬਰਨਾਲਾ ਦੇ ਸਿਵਸ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਾਹ ਲੈਣ 'ਚ ਤਕਲੀਫ ਹੋਣ ਕਰਕੇ ਉਕਤ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਹਿਲਾ ਮਹਿਲ ਕਲਾਂ ਦੇ ਜਿਸ ਏਰੀਆ 'ਚ ਰਹਿੰਦੀ ਸੀ, ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 129 ਤੱਕ ਪਹੁੰਚਿਆ
ਪੰਜਾਬ 'ਚ ਹੁਣ ਤੱਕ 129 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 37 ਕੇਸ ਹਨ। ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ, ਮਾਨਸਾ ਅਤੇ ਅੰਮ੍ਰਿਤਸਰ 'ਚ 11-11 ਕੇਸ, ਲੁਧਿਆਣਾ 'ਚ 09 ਕੇਸ, ਪਟਿਆਲਾ-ਸੰਸਗਰੂ, ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ 1-1 ਕੇਸ ਪਾਜ਼ੀਟਿਵ ਪਾਇਆ ਗਿਆ ਹੈ। ਰੋਪੜ 'ਚ ਕੋਰੋਨਾ ਦੇ 3 ਕੇਸ, ਪਠਾਨਕੋਟ 'ਚ 7, ਫਰੀਦਕੋਟ ਅਤੇ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ 'ਚ 2-2 ਕੇਸ ਅਤੇ ਮੋਗਾ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ।
ਜਾਣੋ ਪੰਜਾਬ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਹੋਈ, ਜੋ ਅੰਮ੍ਰਿਤਸਰ 'ਚ ਦਾਖਲ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ, ਜਦਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ ਜਦਕਿ ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ।
7ਵੀਂ ਮੌਤ ਪਠਾਨਕੋਟ ਦੀ ਕੋਰੋਨਾ ਪੀੜਤ ਔਰਤ ਦੀ ਅੰਮ੍ਰਿਤਸਰ ਵਿਖੇ 5 ਅਪ੍ਰੈਲ ਨੂੰ ਹੋਈ ਸੀ। 8ਵੀਂ ਮੌਤ 4 ਅਪ੍ਰੈਲ ਨੂੰ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ ਦੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਕਾਰਨ ਮੌਤ ਹੋ ਗਈ ਸੀ। 9ਵੀਂ ਮੌਤ ਬੁੱਧਵਾਰ ਰਾਤ ਰੋਪੜ ਵਿਖੇ ਪਹਿਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਵਿਅਕਤੀ ਦੀ ਹੋਈ ਸੀ। ਇਸ ਦੇ ਨਾਲ ਹੀ ਅੱਜ ਪੰਜਾਬ 'ਚ 10ਵੀਂ ਮੌਤ ਕੋਰੋਨਾ ਨਾਲ ਜਲੰਧਰ 'ਚ ਪ੍ਰਵੀਨ ਕੁਮਾਰ ਦੀ ਹੋਈ ਹੈ, ਜੋਕਿ ਮਿੱਠਾ ਬਾਜ਼ਾਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ 9 ਅਪ੍ਰੈਲ ਨੂੰ ਬਰਨਾਲਾ ਦੀ ਰਹਿਣ ਵਾਲੀ ਮਹਿਲਾ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ। ਇਸ ਮਹਿਲਾ ਨੇ ਲੁਧਿਆਣਾ ਦੇ ਹਸਪਾਤਲ 'ਚ ਦਮ ਤੋੜਿਆ ਹੈ।
ਖੰਨਾ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਦੇ 92 ਲੋਕਾਂ ਨੂੰ ਆਰਜ਼ੀ ਜੇਲ 'ਚ ਕੀਤਾ ਬੰਦ
NEXT STORY