ਮੋਹਾਲੀ, (ਕੁਲਦੀਪ)- ਨਗਰ ਨਿਗਮ ਵਲੋਂ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਪਸ਼ੂ ਪਾਲਕਾਂ ਨੂੰ ਨੋਟਿਸ ਭੇਜਣ, ਪੁਲਸ ਕੇਸ ਦਰਜ ਕਰਵਾਉਣ, ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣ ਆਦਿ ਦੇ ਵਿਰੋਧ ਵਿਚ ਪੇਂਡੂ ਸੰਘਰਸ਼ ਕਮੇਟੀ ਉਤਰ ਆਈ ਹੈ। ਕਮੇਟੀ ਵਲੋਂ ਪਸ਼ੂ ਪਾਲਕਾਂ ਦਾ ਪੱਖ ਲੈਂਦੇ ਹੋਏ ਨਗਰ ਨਿਗਮ ਦਫ਼ਤਰ ਦੇ ਅੱਗੇ 24 ਜੁਲਾਈ ਨੂੰ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕਮੇਟੀ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਧਰਨੇ ਵਿਚ ਸ਼ਮੂਲੀਅਤ ਕਰਵਾਉਣ ਲਈ ਪਿੰਡਾਂ ’ਚ ਪੋਸਟਰ ਲਵਾਏ ਜਾ ਰਹੇ ਹਨ।
ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਜਰਨਲ ਸਕੱਤਰ ਨੰਬਰਦਾਰ ਹਰਵਿੰਦਰ ਸਿੰਘ, ਚੇਅਰਮੈਨ ਬੂਟਾ ਸਿੰਘ ਸੋਹਾਣਾ, ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ, ਵਾਈਸ ਪ੍ਰਧਾਨ ਦਾਰਾ ਸਿੰਘ ਬੈਦਵਾਣ, ਸਕੱਤਰ ਜਗਦੀਸ਼ ਸਿੰਘ ਸ਼ਾਹੀਮਾਜਰਾ ਦੇ ਨਾਵਾਂ ਹੇਠ ਛਾਪੇ ਗਏ ਇਨ੍ਹਾਂ ਪੋਸਟਰਾਂ ’ਚ ਕਿਹਾ ਗਿਆ ਹੈ ਕਿ ਨਿਗਮ ਵਲੋਂ ਪਿੰਡਾਂ ਦੇ ਲੋਕਾਂ ’ਤੇ ਅੌਰੰਗਜ਼ੇਬ ਦੇ ਰਾਜ ਵਾਲਾ ਜ਼ੁਲਮ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਲੋਕਾਂ ਨੂੰ ਨਕਸ਼ੇ ਪਾਸ ਕਰਵਾਉਣ ਦੇ ਫਰਮਾਨ ਕੀਤੇ ਗਏ ਹਨ, ਮਕਾਨ ਬਣਾਉਣ ’ਤੇ ਰੋਕ ਲਾ ਦਿੱਤੀ ਗਈ ਹੈ, ਲੋਕਾਂ ’ਤੇ ਪ੍ਰਾਪਰਟੀ ਟੈਕਸ ਦੀ ਤਲਵਾਰ ਹਰ ਸਮੇਂ ਲਟਕ ਰਹੀ ਹੈ, ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੇ ਪਸ਼ੂ ਪਾਲਕਾਂ ’ਤੇ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ, ਪਿੰਡਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾਉਣ ਦੀ ਤਿਆਰੀ ਹੋ ਰਹੀ ਹੈ, ਪਿੰਡਾਂ ਦੀ ਚਾਰਦੀਵਾਰੀ ਕਰਕੇ ਸਿਰਫ ਇਕ ਗੇਟ ਬਣਾ ਕੇ ਪਿੰਡਾਂ ਦੇ ਲੋਕਾਂ ਨੂੰ ਬੰਧਕਾਂ ਵਾਂਗ ਰੱਖਣ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਬੈਦਵਾਣ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਦੀ ਆ ਰਹੀ ਹੈ ਪਰ ਚੱਕਬੰਦੀ ਸਮੇਂ ਦੇ ਬਾਸ਼ਿੰਦਿਆਂ ਦੇ ਮਕਾਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਅਜਿਹੇ ਤੁਗਲਕੀ ਫਰਮਾਨਾਂ ਨੂੰ ਪਿੰਡਾਂ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਇਸੇ ਦੇ ਮੱਦੇਨਜ਼ਰ ਪੇਂਡੂ ਸੰਘਰਸ਼ ਕਮੇਟੀ ਵਲੋਂ 24 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਦੇ ਅੱਗੇ ਜ਼ਬਰਦਸਤ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕੁੰਭਡ਼ਾ, ਸੋਹਾਣਾ, ਮਟੌਰ, ਸ਼ਾਹੀਮਾਜਰਾ, ਮਦਨਪੁਰਾ, ਮੋਹਾਲੀ ਪਿੰਡਾਂ ਦੇ ਲੋਕਾਂ ਨੂੰ ਧਰਨੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਗੁਰਜੀਤ ਸਿੰਘ ਮਾਮਾ, ਕੇਸਰ ਸਿੰਘ, ਗਫੂਰ ਮੁਹੰਮਦ, ਸਤਿੰਦਰ ਸਿੰਘ, ਗੁਰਬਖਸ਼ ਸਿੰਘ, ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।
ਮਾਨਸਿਕ ਪ੍ਰੇਸ਼ਾਨੀ ਕਾਰਨ ਜ਼ਹਿਰ ਨਿਗਲੀ, ਮੌਤ
NEXT STORY