ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਟੈਸਟਾਂ ਲਈ ਆਮ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਰੇਟ ਹੋਰ ਘਟਾ ਦਿੱਤੇ ਗਏ ਹਨ। ਹੁਣ ਪ੍ਰਾਈਵੇਟ ਲੈਬੋਰਟਰੀਆਂ ਵੀ ਸਰਕਾਰ ਦੁਆਰਾ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਰੇਟ ਨਹੀਂ ਲੈ ਸਕਦੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਜਿਬ ਰੇਟਾਂ 'ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਲਈ ਕੋਵਿਡ-19 ਦੇ ਟੈਸਟਾਂ ਦੇ ਰੇਟ ਤੈਅ ਕਰ ਦਿੱਤੇ ਹਨ। ਹੁਣ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਅਤੇ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਲਈ 1000/- ਰੁਪਏ ਤੋਂ ਘਟਾ ਕੇ ਹੁਣ 700/- ਰੁਪਏ ਕਰ ਦਿੱਤੇ ਗਏ ਹਨ, ਜਿਸ ਵਿੱਚ ਜੀ.ਐਸ.ਟੀ. ਤੇ ਹੋਰ ਸਾਰੇ ਟੈਕਸ ਸ਼ਾਮਿਲ ਹੋਣਗੇ। ਜਦੋਂ ਕਿ ਘਰਾਂ ਤੋਂ ਸੈਂਪਲ ਇਕੱਠੇ ਕਰਨ ਦੀ ਵਾਧੂ ਸੁਵਿਧਾ ਲਈ ਰੇਟ ਪ੍ਰਾਈਵੇਟ ਲੈਬ ਵੱਲੋਂ ਆਪਣੇ ਪੱਧਰ 'ਤੇ ਤੈਅ ਕੀਤੇ ਜਾਣਗੇ। ਆਈ.ਸੀ.ਐਮ.ਆਰ. ਵੱਲੋਂ ਮੰਜੂਰਸ਼ੁਦਾ 45 ਪ੍ਰਾਈਵੇਟ ਲੈਬ ਵੱਲੋਂ ਕੀਤੇ ਜਾ ਸਕਦੇ ਹਨ। ਜਦਕਿ ਰਾਜ ਦੇ 600 ਸਰਕਾਰੀ ਹਸਪਤਾਲਾਂ 'ਚ ਇਹ ਟੈਸਟ ਦੀ ਸੁਵਿਧਾ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਣ ਅਣਚਾਹੇ ਤੇ ਅਣਕਿਆਸੇ ਹਾਲਾਤ ਪੈਦਾ ਹੋਏ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕਾਰਵਾਈ ਕਰਨ ਤੇ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਨਫੈਕਸ਼ਨ ਦੀ ਜਲਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ 'ਤੇ ਇਸ ਨਾਲ ਮੌਤਾਂ ਦਾ ਮੁੱਖ ਕਾਰਣ ਇਹ ਹੈ ਕਿ ਲੱਛਣ ਹੋਣ ਦੇ ਬਾਵਜੂਦ ਲੋਕ ਸਿਹਤ ਸੰਸਥਾਵਾਂ ਨੂੰ ਦੇਰੀ ਨਾਲ ਸੂਚਿਤ ਕਰਦੇ ਹਨ, ਜਿਸ ਦੇ ਚੱਲਦੇ ਕੋਵਿਡ-19 ਦੇ ਟੈਸਟ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਕਈ ਵਾਰੀ ਇਸ ਦੇ ਗੰਭੀਰ ਪਰਿਣਾਮ ਸਾਹਮਣੇ ਆ ਜਾਂਦੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਅਪੀਲ ਕੀਤੀ ਹੈ ਕਿ ਸ਼ੱਕੀ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਡਾਕਟਰੀ ਦੀ ਪਰਚੀ ਦੀ ਜ਼ਰੂਰਤ ਨਹੀਂ ਹੈ ਅਤੇ ਜਿਨਾਂ ਦਾ ਟੈਸਟ ਪੋਜੀਟਿਵ ਆਇਆ ਹੈ ਤਾਂ ਉਹ ਘਰਾਂ ਵਿੱਚ ਵੀ ਆਈਸੋਲੇਟ ਹੋ ਸਕਦੇ ਹਨ। ਜੇਕਰ ਮਾਮੂਲੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਸਰੀਰ ਦਰਦ, ਥਕਾਵਟ, ਸਵਾਦ ਤੇ ਸੁੰਘਣ ਸ਼ਕਤੀ ਦਾ ਘੱਟਣਾ, ਵਗਦਾ ਨੱਕ ਆਦਿ ਹਨ ਜਾਂ ਕੋਵਿਡ-19 ਦੇ ਸ਼ੱਕੀ ਮਰੀਜ ਦੇ ਸੰਪਰਕ ਵਿੱਚ ਆਏ ਹੋ ਤਾਂ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਓ।
ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਕਾਰਨ 2 ਹੋਰ ਮੌਤਾਂ, 60 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
NEXT STORY