ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਵਿਡ ਟੈਸਟ ਰਿਪੋਰਟ ਨੂੰ 12 ਘੰਟੇ 'ਚ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਕਹਿੰਦੇ ਹੋਏ ਕਿ ਦੇਰੀ ਪਾਜ਼ੇਟਿਵ ਮਾਮਲਿਆਂ 'ਚ ਘਾਤਕ ਸਿੱਧ ਹੋ ਸਕਦੀ ਹੈ, ਉਨ੍ਹਾਂ ਨੇ ਲੋਕਾਂ ਨੂੰ ਸ਼ੁਰੂਆਤੀ ਲੱਛਣਾਂ ਦੇ ਦਿਸਣ `ਤੇ ਜਾਂ ਹੋਰ ਚਿੰਤਾਵਾਂ ਸੰਬੰਧੀ ਸਭ ਤੋਂ ਪਹਿਲਾਂ 104 ਨੰਬਰ ਡਾਇਲ ਕਰਨ ਲਈ ਅਪੀਲ ਕੀਤੀ। ਮੁੱਖ ਮੰਤਰੀ ਨੇ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਡਾਕਟਰੀ ਸਿੱਖਿਆ ਵਿਭਾਗ 'ਚ 300 ਐਡਹਾਕ ਆਸਾਮੀਆਂ ਭਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।
ਤਿੰਨੇ ਸਰਕਾਰੀ ਮੈਡੀਕਲ ਕਾਲਜਾਂ `ਚ 100-100 ਅਹੁਦੇ ਭਰੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਖਾਲ੍ਹੀ ਅਹੁਦਿਆਂ ਅਤੇ ਮਨਜ਼ੂਰਸ਼ੁਦਾ ਅਹੁਦੇ ਅਧੀਨ ਡਾਕਟਰੀ ਅਤੇ ਤਕਨੀਕੀ ਸਟਾਫ ਦੀ ਭਰਤੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਵਲੋਂ ਇਹ ਨਿਰਦੇਸ਼ ਤੱਦ ਦਿੱਤੇ ਗਏ, ਜਦੋਂ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ. ਜੀ. ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ. ਕੇ. ਤਲਵਾੜ ਨੇ ਕਿਹਾ ਕਿ ਡਾਕਟਰੀ ਸਿੱਖਿਆ ਮਹਿਕਮੇ ਵੱਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਹਰੇਕ ਮੈਡੀਕਲ ਕਾਲਜ 'ਚ 100-100 ਸਟਾਫ ਭਰਤੀ ਕੀਤੇ ਜਾਣ ਦੀ ਲੋੜ ਹੈ, ਜਿਨ੍ਹਾਂ 'ਚ ਮੁੱਖ ਤੌਰ `ਤੇ ਸੀਨੀਅਰ ਰੈਜੀਡੈਂਟ ਡਾਕਟਰ ਅਤੇ ਸਹਾਇਕ ਪ੍ਰੋਫੈਸਰ ਸ਼ਾਮਲ ਹਨ। ਮੁੱਖ ਮੰਤਰੀ ਵੱਲੋਂ ਰਾਜ 'ਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵੀਡੀਓ ਕਾਨਫਰੰਸ ਦੌਰਾਨ ਨਿਰਦੇਸ਼ ਜਾਰੀ ਕੀਤੇ ਗਏ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਡਾਕਟਰੀ ਸਿੱਖਿਆ ਅਤੇ ਖੋਜ ਮਹਿਕਮੇ ਅਨੁਸਾਰ ਸੂਬੇ ਦੇ 92 ਨਿੱਜੀ ਹਸਪਤਾਲ ਕੋਵਿਡ ਕੇਅਰ ਸੰਬੰਧੀ ਸਹੂਲਤਾਵਾਂ ਮੁਹੱਈਆ ਕਰਨ ਲਈ ਪਹਿਲਾਂ ਹੀ ਸਹਿਮਤ ਹੋ ਚੁੱਕੇ ਹਨ ਅਤੇ ਮਹਿਕਮੇ ਨੇ ਇਨ੍ਹਾਂ ਨਿੱਜੀ ਹਸਪਤਾਲਾਂ ਅਤੇ ਕਲੀਨਕਾਂ ਨਾਲ ਅੱਗੇ ਦੀ ਰਣਨੀਤੀ ਬਣਾਉਣ ਲਈ ਵਿਚਾਰ -ਵਿਟਾਂਦਰਾ ਕਰਨ ਲਈ ਮੀਟਿੰਗ ਰੱਖੀ ਹੈ। ਮੁੱਖ ਮੰਤਰੀ ਵੱਲੋਂ ਇਸ ਮਹਿਕਮੇ ਨੂੰ ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ 'ਚ ਕੋਵਿਡ ਦੇ ਇਲਾਜ ਅਤੇ ਫੀਸ ਨਿਰਧਾਰਤ ਕਰਨ ਬਾਰੇ ਸੰਭਾਵਨਾਵਾਂ ਲੱਭਣ ਲਈ ਪਹਿਲਾਂ ਹੀ ਹਿਦਾਇਤ ਕੀਤੀ ਗਈ ਹੈ।
ਮੀਟਿੰਗ ਦੌਰਾਨ ਸੂਬੇ ਦੇ 19 ਮਾਈਕਰੋ-ਕੰਟੇਨਮੈਂਟ ਖੇਤਰਾਂ, ਜਿਨ੍ਹਾਂ 'ਚ ਇਕ ਪਿੰਡ/ਵਾਰਡ 'ਚ 5 ਤੋਂ ਜਿ਼ਆਦਾ ਅਤੇ 15 ਤੱਕ ਕੋਵਿਡ ਪਾਜ਼ੇਟਿਵ ਕੇਸ ਹੋਣ, ਇਸ ਮਹਾਮਾਰੀ ਨੂੰ ਰੋਕਣ ਲਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਸਮੇਂ ਜ਼ਿਆਦਾਤਰ ਮਾਈਕਰੋ ਕੰਟੇਨਮੈਂਟ ਖੇਤਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਸੰਗਰੂਰ ਅਤੇ ਰੋਪੜ ਜ਼ਿਲ੍ਹਿਆਂ 'ਚ ਹਨ, ਜਿਨ੍ਹਾਂ 'ਚੋਂ ਪਹਿਲਾਂ ਤਿੰਨ ਜ਼ਿਲ੍ਹਿਆਂ 'ਚ ਵੱਡੀ ਗਿਣਤੀ 'ਚ ਕੇਸ ਆਏ ਹਨ। ਮੁੱਖ ਮੰਤਰੀ ਨੇ ਮਹਿਕਮੇ ਨੂੰ ਮਾਈਕਰੋ-ਕੰਟੇਨਮੈਂਟ ਖੇਤਰਾਂ 'ਚ ਜੰਗੀ ਪੱਧਰ `ਤੇ ਟੈਸਟਿੰਗ ਅਤੇ ਸੰਪਰਕ ਟ੍ਰੇਸਿੰਗ ਕਰਨ ਤੋਂ ਇਲਾਵਾ ਇਲਾਜ ਅਤੇ ਨਿਗਰਾਨੀ ਨੂੰ ਹੋਰ ਸਰਗਰਮ ਕਰਣ ਲਈ ਕਿਹਾ। ਉਨ੍ਹਾਂ ਨੇ ਸੂਬੇ ਭਰ 'ਚ ਨਮੂਨੇ ਇਕੱਠੇ ਕਰਨ ਨੂੰ ਹੋਰ ਗਤੀਸ਼ੀਲ ਬਣਾਉਣ ਦੀ ਲੋੜ `ਤੇ ਵੀ ਜ਼ੋਰ ਦਿੱਤਾ।
ਕੋਰੋਨਾ ਪੀੜਤ ਨਰਸਾਂ ਨੇ ਆਈਸੋਲੇਸ਼ਨ ਵਾਰਡ 'ਚੋਂ ਦਿੱਤੇ ਪੇਪਰ, ਫੇਸਬੁਕ 'ਤੇ ਕੈਪਟਨ ਨੇ ਲਿਖੀ ਇਹ ਵੱਡੀ ਗੱਲ
NEXT STORY