ਜਲੰਧਰ (ਗੁਰਮਿੰਦਰ ਸਿੰਘ) : ਸੀ. ਪੀ. ਆਈ. ਪੰਜਾਬ ਵਲੋਂ 27 ਨਵੰਬਰ ਨੂੰ ਲੁਧਿਆਣਾ ਦੇ ਦਾਣਾ ਮੰਡੀ ਗਿੱਲ ਰੋਡ ਵਿਖੇ ਪੰਜਾਬ ਪੱਧਰ ਦੀ ਰੈਲੀ ਕਰਵਾਈ ਜਾ ਰਹੀ ਹੈ। ਇਸ ਰੈਲੀ ਵਿਚ ਸੀ. ਪੀ. ਆਈ. ਦੇ ਜਨਰਲ ਸਕੱਤਰ ਕਾਮਰੇਡ ਐੱਸ. ਸੁਧਾਕਰ ਰੈੱਡੀ, ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕਾਮਰੇਡ ਅਤੁਲ ਕੁਮਾਰ ਅਨਜਾਣ ਅਤੇ ਕਾਮਰੇਡ ਸ਼ਮੀਮ ਫੈੱਜ਼ੀ ਤੋਂ ਇਲਾਵਾ ਪੰਜਾਬ ਭਰ ਦੀ ਲੀਡਰਸ਼ਿਪ ਪਹੁੰਚ ਰਹੀ ਹੈ।
ਗੱਲਬਾਤ ਕਰਦਿਆਂ ਪਾਰਟੀ ਦੇ ਪੰਜਾਬ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਇਹ ਰੈਲੀ ਸੀ. ਪੀ. ਆਈ. ਦੇ ਇਤਿਹਾਸ ਵਿਚ ਪੰਜਾਬ ਦੀ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਹੈ ਅਤੇ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਵੱਖ-ਵੱਖ ਮੁੱਦਿਆਂ 'ਤੇ ਇਕ ਪਲੇਟਫਾਰਮ 'ਤੇ ਇਕੱਠਾ ਕਰਨਾ ਹੈ। ਅਰਸ਼ੀ ਨੇ ਕਿਹਾ ਕਿ ਦੇਸ਼ 'ਚ ਮੌਜੂਦਾ ਫਿਰਕੂ ਅਤੇ ਫਾਸ਼ੀ ਤਾਕਤਾਂ ਜੋ ਸਿਰ ਚੁੱਕ ਰਹੀਆਂ ਹਨ ਅਤੇ ਮੌਜੂਦਾ ਸਮੇਂ 'ਚ ਮੁਲਕ ਦੀ ਜਮਹੂਰੀਅਤ ਫਿਰਕੂ ਸਦਭਾਵਨਾ 'ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ ਅਤੇ ਇਸ ਖਤਰੇ ਨੇ ਸਾਡੇ ਭਾਰਤੀ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਵੀ ਬਹੁਤ ਵੱਡੀ ਢਾਹ ਲਗਾਈ ਹੈ। ਰੈਲੀ ਇਨ੍ਹਾਂ ਤਮਾਮ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਜਮਹੂਰੀ ਅਤੇ ਧਰਮਨਿਰਪੱਖ ਤਾਕਤਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਲਈ ਅਹਿਮ ਯੋਗਦਾਨ ਪਾਏਗੀ।
ਪਾਰਟੀ ਦੇ ਪੰਜਾਬ ਸਕੱਤਰ ਅਰਸ਼ੀ ਮੁਤਾਬਕ ਇਹ ਰੈਲੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਮੁੱਦਿਆਂ, ਜਿਵੇਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ਿਆਂ ਦੀ ਮੁਕੰਮਲ ਮੁਆਫੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਗੈਰੰਟੀ ਕਾਨੂੰਨ ਬਣਾਇਆ ਜਾਣਾ, ਜੀ. ਐੱਸ. ਟੀ. ਵਰਗੀ ਨਵੀਂ ਟੈਕਸ ਪ੍ਰਣਾਲੀ ਜਿਸ ਨੇ ਆਮ ਕਾਰੋਬਾਰ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਦੀ ਸਮਾਪਤੀ ਆਦਿ ਮੰਗਾਂ ਤੋਂ ਇਲਾਵਾ ਇਹ ਵੀ ਜ਼ੋਰਦਾਰ ਆਵਾਜ਼ਾ ਉਠਾਏਗੀ ਕਿ ਪਹਿਲਾਂ ਪਨਾਮਾ ਪੇਪਰ ਅਤੇ ਹੁਣ ਪੈਰਾਡਾਈਜ਼ ਪੇਪਰਜ਼ ਵਿਚ ਜਿਹੜੇ 714 ਭਾਰਤੀਆਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਦੇ ਨਾਂ ਜਨਤਕ ਕੀਤੇ ਜਾਣ ਅਤੇ ਉਨ੍ਹਾਂ ਵਲੋਂ ਵਿਦੇਸ਼ਾਂ ਵਿਚ ਜਮਾਂ ਕੀਤਾ ਕਾਲਾ ਧਨ ਵਾਪਸ ਲਿਆਉਣ ਲਈ ਸਰਕਾਰ 'ਤੇ ਦਬਾਅ ਪਾਇਆ ਜਾਵੇ। ਉਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਜਿਨ੍ਹਾਂ ਵੱਲ ਨੈਸ਼ਨਲ ਬੈਂਕਾਂ ਦਾ ਘੱਟੋ-ਘੱਟ 15 ਲੱਖ ਕਰੋੜ ਰੁਪਈਆ ਬਕਾਇਆ ਹੈ, ਉਨ੍ਹਾਂ ਦੀ ਪ੍ਰਾਪਰਟੀ ਨੂੰ ਜ਼ਬਤ ਕਰਕੇ ਪੈਸੇ ਦੀ ਵਸੂਲੀ ਨੂੰ ਯਕੀਨੀ ਬਣਾਇਆ ਜਾਵੇ ਆਦਿ ਵਰਗੇ ਮੁੱਦਿਆਂ 'ਤੇ ਚਰਚਾ ਹੋਵੇਗੀ।
ਅੱਜ ਤੋਂ ਆਈ. ਟੀ. ਆਈ.-28 'ਚ ਹੋਣਗੇ ਡਰਾਈਵਿੰਗ ਟੈਸਟ
NEXT STORY