ਮਾਮਲਾ ਲੜਕੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ
ਅਬੋਹਰ(ਰਹੇਜਾ)—8 ਅਗਸਤ ਨੂੰ ਪਿੰਡ ਢਾਬਾ ਕੋਕਰੀਆਂ ਵਾਸੀ ਅਤੇ ਪਿੰਡ ਕੇਰਾਖੇੜਾ ਦੇ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੇ ਮਾਪਿਆਂ ਵੱਲੋਂ ਕੁਝ ਲੜਕਿਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਕਥਿਤ ਦੋਸ਼ ਲਾਇਆ ਗਿਆ ਹੈ। ਪੀੜਤ ਪਰਿਵਾਰ ਸਮੇਤ ਪਿੰਡ ਵਾਸੀਆਂ ਨੇ ਐੱਸ. ਪੀ. ਅਬੋਹਰ ਅਮਰਜੀਤ ਸਿੰਘ ਨੂੰ ਪ੍ਰਾਥਨਾ ਪੱਤਰ ਦੇ ਕੇ 6 ਲੜਕਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਨ੍ਹਾਂ 'ਤੇ ਲਾਇਆ ਦੋਸ਼
ਐੱਸ. ਪੀ. ਨੂੰ ਦਿੱਤੇ ਪ੍ਰਾਥਨਾ ਪੱਤਰ ਵਿਚ ਮ੍ਰਿਤਕਾ ਆਰਜ਼ੂ ਦੇ ਪਿਤਾ ਨਰੇਸ਼ ਕੁਮਾਰ ਨੇ ਕਥਿਤ ਦੋਸ਼ ਲਾਇਆ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ, ਮੌਂਟੀ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਢਾਬਾ ਕੋਕਰੀਆਂ, ਗੁਰਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਢਾਣੀ ਸੁੱਚਾ ਸਿੰਘ, ਵੀਰੇਂਦਰ ਸਿੰਘ ਪੁੱਤਰ ਸੁਖਬੀਰ ਵਾਸੀ ਪਿੰਡ ਢਾਬਾ ਕੋਕਰੀਆਂ, ਗੁਰਜੀਤ ਵਰਮਾ ਅਤੇ ਭੁਪਿੰਦਰ ਸਿੰਘ ਉਸਦੀ ਪੁੱਤਰੀ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਕਤ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।
ਪੁਲਸ ਨੇ ਰਪਟ ਦਰਜ ਕਰ ਕੇ ਕੀਤੀ ਖਾਨਾਪੂਰਤੀ
ਸਦਰ ਥਾਣਾ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦੇਣ ਦੇ 20 ਦਿਨ ਬਾਅਦ ਵੀ ਹੁਣ ਤਕ ਉਕਤ ਲੋਕਾਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਸਾਰੇ ਸਬੂਤ ਪੁਲਸ ਨੂੰ ਦਿੱਤੇ ਜਾਣ ਦੇ ਬਾਵਜੂਦ ਵੀ ਇਨਸਾਫ ਪ੍ਰਾਪਤ ਕਰਨ ਲਈ ਉਹ ਕਈ ਵਾਰ ਸਦਰ ਥਾਣਾ ਮੁਖੀ ਨੂੰ ਬੇਨਤੀ ਕਰ ਚੁੱਕੇ ਹਨ ਪਰ ਅੱਜ ਤਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਪੁਲਸ ਨੇ ਕੇਵਲ ਰਪਟ ਦਰਜ ਕਰ ਕੇ ਕੇਸ ਦੀ ਖਾਨਾਪੂਰਤੀ ਕਰ ਦਿੱਤੀ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਲਦੀ ਹੀ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਸਦਰ ਥਾਣੇ ਦੇ ਬਾਹਰ ਧਰਨਾ ਲਾਉਣ ਨੂੰ ਮਜਬੂਰ ਹੋਣਗੇ।
ਐੱਸ. ਪੀ. ਨੇ ਦਿੱਤਾ ਭਰੋਸਾ
ਇਸ ਸਬੰਧੀ ਐੱਸ. ਪੀ. ਅਮਰਜੀਤ ਸਿੰਘ ਨੂੰ ਵੀ ਸਦਰ ਥਾਣਾ ਪੁਲਸ ਵੱਲੋਂ ਕਥਿਤ ਦੋਸ਼ੀਆਂ ਦੇ ਨਾਲ ਮਿਲੀਭੁਗਤ ਕਰਨ ਦੀ ਜਾਣਕਾਰੀ ਪ੍ਰਦਾਨ ਕਰਵਾਈ ਗਈ ਹੈ। ਐੱਸ. ਪੀ. ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਉਹ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕਰੰਟ ਲੱਗਣ ਨਾਲ ਮਿਸਤਰੀ ਦੀ ਮੌਤ
NEXT STORY