ਫਿਲੌਰ (ਭਾਖੜੀ)- ਸਥਾਨਕ ਲੜਕਿਆਂ ਦੇ ਸਰਕਾਰੀ ਸਕੂਲ ਦੇ ਡੀ. ਪੀ. ਮਾਸਟਰ ਨੇ ਦੋ ਮਿੰਟ ਦੇਰੀ ਨਾਲ ਸਕੂਲ ਪੁੱਜਣ 'ਤੇ ਵਿਦਿਆਰਥੀ ਦੀ ਡੰਡਿਆਂ ਬੁਰੀ ਤਰ੍ਹਾਂ ਪਿਟਾਈ ਕਰ ਦਿੱਤੀ, ਜਿਸ ਨਾਲ ਬੱਚੇ ਦੀ ਹਾਲਤ ਖਰਾਬ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਪਏ ਵਿਨੇ ਕੁਮਾਰ (17) ਪੁੱਤਰ ਮੋਹਨ ਮਸੀਹ ਜੋ ਲੜਕਿਆਂ ਦੇ ਸਰਕਾਰੀ ਸਕੂਲ ਵਿਚ 9ਵੀਂ ਕਲਾਸ ਦਾ ਵਿਦਿਆਰਥੀ ਹੈ, ਨੇ ਦੱਸਿਆ ਕਿ ਅੱਜ ਦੁਪਹਿਰ ਸਾਢੇ 12 ਵਜੇ ਅੱਧੀ ਛੁੱਟੀ ਸਮੇਂ ਉਸ ਨੂੰ ਭੁੱਖ ਲੱਗੀ ਤਾਂ ਉਹ ਆਪਣੇ ਦੋਸਤ ਨਾਲ ਸਕੂਲ ਦੇ ਬਾਹਰ ਖੜ੍ਹੀ ਰੇਹੜੀ 'ਤੇ ਛੋਲੇ-ਕੁਚਲੇ ਖਾਣ ਚਲਾ ਗਿਆ। ਅੱਧੀ ਛੁੱਟੀ ਖਤਮ ਹੁੰਦੇ ਹੀ ਜਿਉਂ ਹੀ ਉਹ ਸਕੂਲ ਦੇ ਅੰਦਰ ਦਾਖਲ ਹੋਇਆ ਤਾਂ ਸਾਹਮਣੇ ਸਕੂਲ ਦਾ ਡੀ. ਪੀ. ਮਾਸਟਰ ਹੱਥ ਵਿਚ ਡੰਡਾ ਫੜੀ ਬੈਠਾ ਸੀ। ਉਸ ਨੇ ਵਿਨੇ ਨੂੰ ਦੋ ਮਿੰਟ ਸਕੂਲ ਅੰਦਰ ਦੇਰੀ ਨਾਲ ਦਾਖਲ ਹੋਣ 'ਤੇ ਫਟਕਾਰ ਲਾਉਂਦੇ ਹੋਏ ਉਸ ਦੀਆਂ ਲੱਤਾਂ 'ਤੇ ਜ਼ੋਰ-ਜ਼ੋਰ ਨਾਲ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਵਿਨੇ ਨੇ ਦੱਸਿਆ ਕਿ ਉਸ ਨੇ ਵਾਰ-ਵਾਰ ਡੀ. ਪੀ. ਸਰ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਹੱਥਾਂ 'ਤੇ ਮਾਰ ਲਵੇ, ਉਸ ਦੀਆਂ ਲੱਤਾਂ ਦੀਆਂ ਨਸਾਂ ਕਮਜ਼ੋਰ ਹੋਣ ਕਾਰਨ ਉਸ ਦਾ ਪਹਿਲਾਂ ਹੀ ਇਲਾਜ ਚੱਲ ਰਿਹਾ ਹੈ ਪਰ ਡੀ. ਪੀ. ਸਰ ਇੰਨੇ ਜ਼ਿਆਦਾ ਅੱਗ ਬਬੂਲੇ ਹੋ ਗਏ ਕਿ ਉਸ ਨੇ ਵਿਨੇ ਦੀਆਂ ਲੱਤਾਂ 'ਤੇ ਡੰਡੇ ਨਾਲ ਕਈ ਵਾਰ ਕੀਤੇ, ਜਿਸ ਨਾਲ ਵਿਨੇ ਦੀ ਹਾਲਾਤ ਖਰਾਬ ਹੋ ਗਈ ਅਤੇ ਉਹ ਉੱਥੇ ਹੀ ਡਿੱਗ ਗਿਆ। ਵਿਨੇ ਨੇ ਦੱਸਿਆ ਕਿ ਉਸ ਦੀ ਖਰਾਬ ਹਾਲਤ ਹੋਣ ਦੇ ਬਾਵਜੂਦ ਡੀ. ਪੀ. ਸਰ ਨੇ ਨਾ ਤਾਂ ਉਸ ਨੂੰ ਚੁੱਕਿਆ ਅਤੇ ਨਾ ਹੀ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ। ਆਖਰਕਾਰ ਸਕੂਲ ਦਾ ਇਕ ਹੋਰ ਵਿਦਿਆਰਥੀ ਵਿਨੇ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਕੇ ਉਸ ਨੂੰ 2 ਵਜੇ ਮੋਟਰਸਾਈਕਲ 'ਤੇ ਬਿਠਾ ਕੇ ਉਸ ਦੇ ਘਰ ਛੱਡ ਆਇਆ, ਜਿਸ ਨੂੰ ਉਸ ਦੀ ਮਾਤਾ ਨੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਵਿਨੇ ਦੀ ਹਾਲਤ ਕੰਟਰੋਲ 'ਚ ਦੱਸੀ ਜਾਂਦੀ ਹੈ। ਵਿਨੇ ਦੇ ਪਿਤਾ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੇ ਬਾਕਾਇਦਾ ਪ੍ਰਿੰਸੀਪਲ ਨੂੰ ਆਪਣੇ ਬੱਚੇ ਦੇ ਚੱਲ ਰਹੇ ਇਲਾਜ ਸਬੰਧੀ ਦੱਸਿਆ ਸੀ। ਇਸ ਦੇ ਬਾਵਜੂਦ ਵੀ ਡੀ. ਪੀ. ਸਰ ਨੇ ਜਿਸ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ, ਉਹ ਇਸ ਦੀ ਸ਼ਿਕਾਇਤ ਸਿੱਖਿਆ ਮੰਤਰੀ ਨੂੰ ਵੀ ਕਰਨਗੇ। ਇਸ ਸਬੰਧੀ ਪੁੱਛਣ 'ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਹੈ। ਉਨ੍ਹਾਂ ਦੇ ਰਿਸ਼ਤੇਦਾਰ ਦੇ ਦਿਹਾਂਤ ਕਾਰਨ ਉਹ ਛੁੱਟੀ 'ਤੇ ਸਨ। ਵਿਨੇ ਨਾਲ ਜਿਸ ਤਰ੍ਹਾਂ ਡੀ. ਪੀ. ਸਰ ਵੱਲੋਂ ਕੁੱਟਮਾਰ ਕੀਤੀ ਗਈ ਹੈ, ਉਹ ਉਸ ਦੀ ਨਿੰਦਾ ਕਰਦੇ ਹਨ ਅਤੇ ਸਵੇਰ ਹੀ ਉਹ ਸਕੂਲ ਪੁੱਜ ਕੇ ਕੇਸ ਦੀ ਜਾਂਚ ਕਰ ਕੇ ਕਾਰਵਾਈ ਕਰਨਗੇ।
ਹੁਣ ਮੋਦੀ ਦੇ ਫ੍ਰੀ ਗੈਸ ਕੁਨੈਕਸ਼ਨ 'ਚ ਗੈਸੀ ਚੁੱਲ੍ਹੇ ਦੀ ਕੀਮਤ ਵੱਖਰੀ ਅਦਾ ਕਰਨੀ ਹੋਵੇਗੀ
NEXT STORY