ਤਲਵੰਡੀ ਭਾਈ(ਪਾਲ)—'ਨੀਮ ਹਕੀਮ ਖਤਰਾ ਏ ਜਾਨ' ਦੀ ਕਹਾਵਤ ਅੱਜਕਲ ਤਲਵੰਡੀ ਭਾਈ ਦੇ ਨੇੜਲੇ ਕਈ ਪਿੰਡਾਂ ਵਿਚ ਖੁੱਲ੍ਹੇ ਮੈਡੀਕਲ ਸਟੋਰਾਂ ਵਾਲਿਆਂ ਅਤੇ ਆਪੇ ਬਣੇ ਅਖੌਤੀ ਡਾਕਟਰਾਂ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਉਕਤ ਮੈਡੀਕਲ ਸਟੋਰਾਂ ਵਾਲੇ ਜਿਥੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਗਰੀਬ ਤੇ ਅਨਪੜ੍ਹ ਲੋਕਾਂ ਨੂੰ ਬੁਖਾਰ, ਖਾਂਸੀ, ਸੱਟ ਲੱਗਣ ਜਾਂ ਔਰਤਾਂ ਦੇ ਜਣੇਪੇ ਵੇਲੇ ਗਲਤ ਤੇ ਘਟੀਆ ਦਵਾਈਆਂ ਦੇ ਕੇ ਕਿਸੇ ਵੱਡੇ ਹਸਪਤਾਲ ਦੇ ਸਰਜਨ ਜਾਂ ਕੁਆਲੀਫਾਈਡ ਡਾਕਟਰਾਂ ਨਾਲੋਂ ਵੀ ਦੁੱਗਣੀਆਂ ਫੀਸਾਂ ਵਸੂਲ ਕੇ ਦੁਖੀ ਤੇ ਮਜਬੂਰ ਲੋਕਾਂ ਤੋਂ ਇਕੱਠੀਆਂ ਕੀਤੀਆਂ ਨੋਟਾਂ ਦੀਆਂ ਪੰਡਾਂ ਨਾਲ ਚਾਰ-ਚਾਰ ਮੰਜ਼ਿਲਾ ਮਹਿਲਨੁਮਾ ਪ੍ਰਾਈਵੇਟ ਹਸਪਤਾਲ ਤੇ ਕੋਠੀਆਂ ਉਸਾਰ ਰਹੇ ਹਨ। ਇਸ ਤੋਂ ਇਲਾਵਾ ਪੇਂਡੂ ਇਲਾਕੇ ਵਿਚ ਬੇਰੋਕ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਨੇ ਨੌਜਵਾਨ ਤੇ ਅੱਲ੍ਹੜ ਉਮਰ ਦੇ ਪਾੜ੍ਹਿਆਂ ਦੇ ਮਾਪਿਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਪਰ ਪ੍ਰਸ਼ਾਸਨ ਅਜੇ ਵੀ ਅਜਿਹੀਆਂ ਦਵਾਈਆਂ ਦੀ ਵਿਕਰੀ 'ਤੇ ਮੁਕੰਮਲ ਰੋਕ ਦੇ ਝੂਠੇ ਦਾਅਵੇ ਕਰ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕੈਮਿਸਟਾਂ ਨਾਲ ਹੋਈ ਗੰਢਤੁੱਪ ਸਦਕਾ ਹੀ ਨਸ਼ੀਲੀਆਂ ਦਵਾਈਆਂ ਸ਼ਰੇਆਮ ਗਰਮ ਪਕੌੜਿਆਂ ਵਾਂਗ ਹੱਥੋ-ਹੱਥ ਵਿਕ ਰਹੀਆਂ ਹਨ ਤੇ ਇਲਾਕੇ ਦੇ ਗੱਭਰੂਆਂ ਦੀ ਸੋਨੇ ਵਰਗੀ ਜਵਾਨੀ ਦਿਨੋ-ਦਿਨ ਤਬਾਹ ਹੋ ਰਹੀ ਹੈ। ਜ਼ਿਲਾ ਫਿਰੋਜ਼ਪੁਰ ਦੇ ਤਕਰੀਬਨ 50 ਪਿੰਡਾਂ ਦੇ ਮੋਹਤਬਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸਾਡੇ ਪਿੰਡਾਂ ਦੀਆਂ ਫਿਰਨੀਆਂ ਅਤੇ ਖੇਤਾਂ ਨੂੰ ਜਾਂਦੀਆਂ ਪਹੀਆਂ 'ਤੇ ਨਸ਼ੀਲੀਆਂ ਗੋਲੀਆਂ ਦੇ ਪੱਤੇ, ਚਿੱਟਾ ਪੀਣ ਵਾਲੇ ਸਿਲਵਰ ਰੋਲ ਅਤੇ ਦਵਾਈ ਦੀਆਂ ਖਾਲੀ ਸ਼ੀਸ਼ੀਆਂ ਤੇ ਸਰਿੰਜਾਂ ਪਈਆਂ ਆਮ ਵੇਖਣ ਨੂੰ ਮਿਲਦੀਆਂ ਹਨ। ਨੇੜਲੇ ਕਸਬਿਆਂ, ਸ਼ਹਿਰਾਂ ਤੇ ਪਿੰਡਾਂ ਦੀਆਂ ਕੈਮਿਸਟ ਦੁਕਾਨਾਂ 'ਤੇ ਦਰਦ ਰੋਧਕ ਗੋਲੀਆਂ ਡੈਲੀਪਾਮ, ਲੋਮੋਟਿਲ ਤੇ ਮਾਰਫੀਨ ਦੇ ਟੀਕੇ ਸ਼ਰੇਆਮ ਬਿਨਾਂ ਕੁਆਲੀਫਾਈਡ ਡਾਕਟਰਾਂ ਦੀ ਪਰਚੀ 'ਤੇ ਵਿਕ ਰਹੇ ਹਨ। ਸ਼ਰਾਬ ਮਹਿੰਗੀ ਹੋਣ ਅਤੇ ਅਫੀਮ ਆਸਾਨੀ ਨਾਲ ਉਪਲਬੱਧ ਨਾ ਹੋਣ ਕਾਰਨ ਪੱਕੇ ਨਸ਼ੱਈ ਕਿਸਮ ਦੇ ਲੋਕ ਤਾਂ ਉਕਤ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੱਲ ਉਲਾਰ ਹੋਏ ਹੀ ਹਨ ਪਰ ਹੁਣ ਕਾਲਜਾਂ ਅਤੇ ਸਕੂਲਾਂ ਦੇ ਮੁੰਡੇ, ਕੁੜੀਆਂ ਦਾ ਰੁਝਾਨ ਵੀ ਨਸ਼ੀਲੀਆਂ ਦਵਾਈਆਂ ਵੱਲ ਲਗਾਤਾਰ ਵਧਦਾ ਜਾ ਰਿਹਾ ਹੈ। ਜਿਥੇ ਪਿੰਡਾਂ ਦੀਆਂ ਦੁਕਾਨਾਂ 'ਤੇ ਇਹ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨ, ਉਥੇ ਕੁਝ ਹੋਰ ਛੋਟੇ-ਮੋਟੇ ਧੰਦੇ ਕਰਨ ਵਾਲੇ ਤੇ ਮੈਡੀਸਨ ਤੋਂ ਬਿਲਕੁਲ ਅਣਜਾਣ ਪ੍ਰਚੂਨ ਦੇ ਦੁਕਾਨਦਾਰਾਂ ਵੱਲੋਂ ਵੀ ਇਹ ਧੰਦਾ ਸਾਈਡ ਬਿਜ਼ਨੈੱਸ ਸਮਝ ਕੇ ਚਲਾਇਆ ਜਾ ਰਿਹਾ ਹੈ ਅਤੇ ਦਵਾਈਆਂ ਬਾਰੇ ਕੋਈ ਸੂਝ ਨਾ ਰੱਖਣ ਵਾਲੇ ਅਤੇ ਇਸ ਕਿੱਤੇ ਤੋਂ ਅਸਲੋਂ ਕੋਰੇ ਸੇਲਜ਼ਮੈਨ ਵੀ ਲਾਟਰੀ ਦੀਆਂ ਟਿਕਟਾਂ ਵਾਂਗ ਦਵਾਈਆਂ ਵੇਚ ਰਹੇ ਹਨ। ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੀ ਖਾਤਰ ਬਣੀਆਂ ਇਹ ਮਿਆਦ ਪੁਗਾ ਚੁੱਕੀਆਂ ਤੇ ਅਣਜਾਣ ਵਿਅਕਤੀਆਂ ਹੱਥੋਂ ਵਿਕ ਰਹੀਆਂ ਦਵਾਈਆਂ ਹੁਣ ਮਨੁੱਖੀ ਜ਼ਿੰਦਗੀਆਂ ਲਈ ਖੌਫ ਬਣ ਰਹੀਆਂ ਹਨ। ਇਲਾਕੇ ਦੇ ਸੂਝਵਾਨ ਲੋਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਵਧ-ਫੁੱਲ ਰਹੇ ਇਸ ਨਾਜਾਇਜ਼ ਨਸ਼ਿਆਂ ਦੇ ਧੰਦੇ 'ਤੇ ਕਾਬੂ ਪਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
ਸੜਕ ਹਾਦਸੇ 'ਚ 1 ਦੀ ਮੌਤ
NEXT STORY