ਸਾਹਨੇਵਾਲ(ਜਗਰੂਪ)-ਹਲਕਾ ਸਾਹਨੇਵਾਲ ਦੇ ਪਿੰਡ ਭਾਮੀਆਂ ਖੁਰਦ ਦੀ ਪੰਚਾਇਤੀ ਜ਼ਮੀਨ 'ਤੇ ਭੂ-ਮਾਫੀਆਂ ਵਲੋਂ ਕੀਤੇ ਜਾ ਰਹੇ ਧੜਾ-ਧੜ ਕਬਜ਼ਿਆਂ ਨੂੰ ਲੈ ਕੇ ਸਥਾਨਕ ਪਿੰਡ ਵਾਸੀਆਂ 'ਚ ਭਾਰੀ ਗੁੱਸੇ ਅਤੇ ਰੋਸ ਦੀ ਲਹਿਰ ਹੈ। ਜਿੱਥੇ ਪਿਛਲੇ ਕੁੱਝ ਦਿਨਾਂ 'ਚ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਵਿਅਕਤੀਆਂ ਵਲੋਂ ਜ਼ਿਲਾ ਪੁਲਸ ਕਮਿਸ਼ਨਰ ਸਾਹਿਬ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ। ਉਥੇ ਹੀ ਅੱਜ ਹੋਏ ਇਕ ਤਾਜ਼ਾ ਘਟਨਾਕ੍ਰਮ ਦੌਰਾਨ ਪੰਚਾਇਤ ਵਲੋਂ ਥਾਣਾ ਜਮਾਲਪੁਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਕੁੱਝ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ 'ਤੇ ਕਥਿਤ ਕਬਜ਼ਾ ਕਰਦੇ ਹੋਏ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ 'ਤੇ ਤੁਰੰਤ ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਮਕਾਨ ਦੀ ਉਸਾਰੀ ਕਰ ਰਹੇ ਮਜ਼ਦੂਰਾਂ ਨੂੰ ਰੋਕ ਦਿੱਤਾ ਅਤੇ ਸਬੰਧਤ ਧਿਰ ਨੂੰ ਉਕਤ ਜਗ੍ਹਾ ਨਾਲ ਸਬੰਧਿਤ ਜ਼ਰੂਰੀ ਕਾਗਜ਼ਾਤ ਪੇਸ਼ ਕਰਨ ਲਈ ਸਮਾਂ ਦਿੱਤਾ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਉੱਪਰ ਭੂ-ਮਾਫੀਆਂ ਵਲੋਂ ਕਥਿਤ ਮਿਲੀਭੁਗਤ ਕਰਦੇ ਹੋਏ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਦੋਂਕਿ ਮਾਣਯੋਗ ਅਦਾਲਤ ਵੱਲੋਂ ਪੰਚਾਇਤੀ ਜ਼ਮੀਨ ਉਪਰ ਕਿਸੇ ਵੀ ਤਰ੍ਹਾਂ ਦੀ ਉਸਾਰੀ ਅਤੇ ਕਬਜ਼ੇ ਆਦਿ ਨੂੰ ਲੈ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ ਪਰ ਇਸਦੇ ਬਾਵਜੂਦ ਵੀ ਕੁਝ ਅਸਰਰਸੂਖ ਵਿਅਕਤੀ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਦਰਕਿਨਾਰ ਕਰਦੇ ਹੋਏ ਕਬਜ਼ੇ ਕਰ ਰਹੇ ਹਨ। ਜਦਕਿ ਵਾਰ-ਵਾਰ ਇਸ ਸਬੰਧੀ ਮਾਲ ਵਿਭਾਗ ਅਤੇ ਪੁਲਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਓਧਰ ਥਾਣਾ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪੰਚਾਇਤ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਵਾਲੇ ਵਿਅਕਤੀਆਂ ਦੀ ਜਗ੍ਹਾ ਨਾਲ ਸਬੰਧਿਤ ਕਾਗਜ਼ਾਂ ਦੀ ਜਾਂਚ ਮਾਲ ਵਿਭਾਗ ਅਤੇ ਸਬੰਧਿਤ ਅਧਿਕਾਰੀਆਂ ਪਾਸੋਂ ਕਰਵਾਉਣ ਤੋਂ ਬਾਅਦ ਹੀ ਅੱਗੇ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਨਾਜਾਇਜ਼ ਕਬਜ਼ਾ ਕਰਦਾ ਪਾਇਆ ਗਿਆ, ਉਸ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਸਮਾਰਟ ਸਿਟੀ ਦੀਆਂ ਸੜਕਾਂ 'ਤੇ 12 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਨਜ਼ਰ ਨਹੀਂ ਆਉਣਗੇ ਮ੍ਰਿਤਕ ਜਾਨਵਰ ਤੇ ਮਲਬਾ
NEXT STORY