ਚੰਡੀਗੜ੍ਹ/ਅੰਮ੍ਰਿਤਸਰ (ਅੰਕੁਰ, ਨਿਆਮੀਆਂ) : ਮੋਹਾਲੀ ਦੇ ਫੇਜ਼-8 ਵਿਖੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਿਤ ਕਰੋੜਾਂ ਰੁਪਏ ਮੁੱਲ ਦੀ 44 ਮਰਲੇ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਗੰਭੀਰ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕਰਕੇ ਸਖ਼ਤ ਰੁਖ ਅਪਣਾਇਆ ਹੈ। ਧਾਮੀ ਨੇ ਸਾਫ਼ ਕਿਹਾ ਕਿ ਇਹ ਮਾਮਲਾ ਗੁਰੂ ਘਰ ਦੀ ਅਮਾਨਤ ਨਾਲ ਧੋਖਾ ਹੈ ਅਤੇ ਮੈਂ ਕਿਸੇ ਵੀ ਹਾਲਤ ’ਚ ਕੋਈ ਸਮਝੌਤਾ ਨਹੀਂ ਕਰਾਂਗਾ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਦੱਸਿਆ ਕਿ ਮਾਮਲੇ ’ਚ ਸ਼ਾਮਲ ਮੈਨੇਜਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫ਼ਾਰਿਸ਼ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੇਜਰ ਨੇ ਆਪਣੇ ਬਿਆਨ ’ਚ ਆਪ ਮੰਨਿਆ ਹੈ ਕਿ ਧੋਖੇ ਨਾਲ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਗਏ ਅਤੇ ਉਨ੍ਹਾਂ ਦੇ ਆਧਾਰ ’ਤੇ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ।
ਇਹ ਵੀ ਪੜ੍ਹੋ : ਨਕੋਦਰ 'ਚ ਦਿਨ ਚੜ੍ਹਦਿਆਂ ਹੀ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਤਾੜ-ਤਾੜ ਗੋਲੀਆਂ
ਧਾਮੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮੈਨੇਜਰ ਨੂੰ ਇਕੱਲੇ ਤੌਰ ’ਤੇ ਐੱਸ. ਜੀ. ਪੀ. ਸੀ. ਦੀ ਜ਼ਮੀਨ ਵੇਚਣ ਜਾਂ ਰਜਿਸਟਰੀ ਕਰਵਾਉਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਹਰ ਜ਼ਮੀਨ ਪਹਿਲਾਂ ਓਪਨ ਬੋਲੀ, ਫਿਰ ਐਗਜ਼ੈਕਟਿਵ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੂਰੀ ਪ੍ਰਕਿਰਿਆ ਨੂੰ ਤੋੜਿਆ ਗਿਆ, ਜੋ ਸਾਫ਼ ਤੌਰ ’ਤੇ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਨੇ ਦੱਸਿਆ ਕਿ ਸੈਣੀਮਾਜਰਾ ਪਿੰਡ 'ਚ ਹੋਈ ਰਜਿਸਟਰੀ ਨੂੰ ਰੱਦ ਕਰਵਾਉਣ ਲਈ ਤਹਿਸੀਲਦਾਰ ਕੋਲ ਇਤਰਾਜ਼ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਐੱਸ. ਡੀ. ਐੱਮ. ਪੱਧਰ ’ਤੇ ਇੰਤਕਾਲ ਰੋਕਣ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਖ਼ਰੀਦਣ ਵਾਲੇ ਵਿਅਕਤੀਆਂ ਦੀ ਭੂਮਿਕਾ ਦੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ’ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਡੂੰਘੀ ਜਾਂਚ ਲਈ ਐੱਸ. ਜੀ. ਪੀ. ਸੀ. ਵੱਲੋਂ 5 ਮੈਂਬਰਾਂ ਦੀ ਸਬ-ਕਮੇਟੀ ਵੀ ਬਣਾਈ ਗਈ ਹੈ, ਜੋ ਸਾਰੇ ਤੱਥਾਂ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰੇਗੀ। ਨਾਲ ਹੀ ਵਿਭਾਗੀ ਅਤੇ ਕਾਨੂੰਨੀ ਦੋਵੇਂ ਤਰ੍ਹਾਂ ਦੀ ਕਾਰਵਾਈ ਇਕੱਠੇ ਚਲਾਈ ਜਾ ਰਹੀ ਹੈ।
ਐੱਸ. ਜੀ. ਪੀ. ਸੀ. ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
ਹਰਜਿੰਦਰ ਸਿੰਘ ਧਾਮੀ ਨੇ ਐੱਸ. ਜੀ. ਪੀ. ਸੀ. ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ, ਗੁਰੂ ਘਰ ਦੀ ਜਾਇਦਾਦ ਨਾਲ ਧੋਖਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਜ਼ਮੀਨ ਸੰਗਤ ਦੀ ਅਮਾਨਤ ਹੈ ਅਤੇ ਇਸ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਲਈ ਹੋਇਆ ਵੱਡਾ ਐਲਾਨ, ਸੂਬਾ ਸਰਕਾਰ ਨੂੰ ਦਿੱਤੀ ਗਈ ਸਖ਼ਤ ਚਿਤਾਵਨੀ
ਪੜ੍ਹੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਮੋਹਾਲੀ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ 'ਚ ਪੈਂਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਗੁਰਦੁਆਰੇ ਦੇ ਮੈਨੇਜਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀ-ਭੁਗਤ ਨਾਲ ਬਿਨਾਂ ਕਿਸੇ ਖੁੱਲ੍ਹੀ ਬੋਲੀ ਦੇ ਵੇਚ ਦਿੱਤਾ ਗਿਆ। ਐੱਸ. ਜੀ. ਪੀ. ਸੀ. ਦੇ ਸਕੱਤਰ ਵਲੋਂ ਆਪਣੇ ਪੱਤਰ 'ਚ ਇਹ ਲਿਖਿਆ ਗਿਆ ਕਿ ਉਕਤ ਜ਼ਮੀਨ 'ਤੇ ਕੁੱਝ ਲੋਕਾਂ ਵਲੋਂ ਕਥਿਤ ਤੌਰ 'ਤੇ ਕਬਜ਼ੇ ਕੀਤੇ ਹੋਏ ਹਨ, ਇਸ ਲਈ ਇਹ ਜ਼ਮੀਨ ਵੇਚ ਦਿੱਤੀ ਜਾਵੇ। ਇਸ ਤੋਂ ਬਾਅਦ ਬਿਨਾਂ ਕਿਸੇ ਨਿਯਮ ਦੇ ਇਸ 44 ਮਰਲੇ ਦੀ ਜ਼ਮੀਨ ਨੂੰ ਸਿਰਫ 1 ਕਰੋੜ 32 ਲੱਖ ਰੁਪਏ 'ਚ ਵੇਚ ਦਿੱਤਾ ਗਿਆ, ਜਦੋਂ ਕਿ ਇਸ ਜ਼ਮੀਨ ਦੀ ਕੀਮਤ 15-20 ਕਰੋੜ ਰੁਪਏ ਬਣਦੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾ ਅਤੇ ਸਥਾਨਕ ਵਾਸੀਆਂ ਵਲੋਂ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ
NEXT STORY