ਬਠਿੰਡਾ(ਸੁਖਵਿੰਦਰ)-28 ਫਰਵਰੀ ਦੀ ਰਾਤ ਨੂੰ ਇਕ ਵਪਾਰੀ 'ਤੇ ਹਮਲਾ ਕਰ ਕੇ ਉਸ ਕੋਲੋਂ 2 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਵਾਰਦਾਤ ਦੇ 6 ਦਿਨਾਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਪੁਲਸ ਹੁਣ ਤੱਕ ਲੁਟੇਰਿਆਂ ਦਾ ਸੁਰਾਗ ਨਹੀਂ ਲਾ ਸਕੀ। ਆਮ ਲੋਕਾਂ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਮਹਾਨਗਰ ਦੇ ਵੱਖ-ਵੱਖ ਵਪਾਰੀਆਂ, ਸਮਾਜ-ਸੇਵੀ ਅਤੇ ਹੋਰ ਲੋਕ ਐੱਸ. ਐੱਸ. ਪੀ. ਬਠਿੰਡਾ ਨੂੰ ਮਿਲੇ ਅਤੇ ਉਕਤ ਵਾਰਦਾਤ ਦੇ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਵੱਡੀ ਸੰਖਿਆ ਵਿਚ ਐੱਸ. ਐੱਸ. ਪੀ. ਦਫ਼ਤਰ ਪਹੁੰਚੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੇਲਾ ਰਾਮ ਰੋਡ 'ਤੇ ਕਰੀਬ ਸਾਢੇ 8 ਵਜੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਿਚ ਲਿਬਰਟੀ ਸ਼ੋਅਰੂਮ ਦੇ ਸੰਚਾਲਕ ਅਸ਼ੋਕ ਗਰਗ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਉਸ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਉਕਤ ਵਪਾਰੀ ਹੁਣ ਵੀ ਹਸਪਤਾਲ ਵਿਚ ਭਰਤੀ ਹੈ। ਉਸ ਦੇ ਪਰਿਵਾਰ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਪ੍ਰਸ਼ਾਸਨ ਹੁਣ ਤੱਕ ਲੁਟੇਰਿਆਂ ਦਾ ਪਤਾ ਨਹੀਂ ਲਾ ਸਕੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਆਮ ਲੋਕਾਂ ਵਿਚ ਵੀ ਸਹਿਮ ਦਾ ਮਾਹੌਲ ਹੈ। ਵਪਾਰੀ ਵੀ ਦੇਰ-ਸਵੇਰ ਬਾਹਰ ਨਿਕਲਣ ਤੋਂ ਝਿਜਕਦੇ ਹਨ। ਲੋਕਾਂ ਨੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਕਿ ਉਕਤ ਵਾਰਦਾਤ ਵਿਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਮੋਟਰਸਾਈਕਲ ਚੋਰੀ ਤੇ ਨੰਬਰ ਟਰਾਂਸਫਰ ਕਰਨ ਦੇ ਦੋਸ਼ 'ਚ 1 ਵਿਰੁੱਧ ਮਾਮਲਾ ਦਰਜ
NEXT STORY