ਲੁਧਿਆਣਾ(ਪੰਕਜ)-ਕਿਡਨੀ ਰੋਗ ਤੋਂ ਪੀੜਤ ਬੇਟੇ ਦੇ ਇਲਾਜ ਹਿੱਤ ਰਕਮ ਇਕੱਠੀ ਕਰਨ 'ਚ ਜੁਟੇ ਪਰਿਵਾਰ ਦੀ ਗੈਰ-ਹਾਜ਼ਰੀ ਵਿਚ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪਏ ਦੀ ਨਕਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦੁੱਗਰੀ ਫੇਜ਼-1 ਸਥਿਤ ਦੁਰਗਾ ਮਾਤਾ ਮੰਦਰ ਦੇ ਪ੍ਰਧਾਨ ਰਮੇਸ਼ ਗਰਗ ਦੇ ਘਰ ਵਾਪਰੀ। ਗਰਗ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਕਾਸ ਗਰਗ (45) ਕਿਡਨੀ ਦੇ ਰੋਗ ਤੋਂ ਪੀੜਤ ਹੈ। ਨੌਜਵਾਨ ਬੇਟੇ ਦੇ ਇਲਾਜ ਲਈ ਬਾਕੀ ਪਰਿਵਾਰ ਦਿੱਲੀ ਦੇ ਇਕ ਹਸਪਤਾਲ ਗਿਆ ਹੋਇਆ ਹੈ, ਜਦੋਂਕਿ ਪਿੱਛੇ ਗਰਗ ਹੀ ਰਹਿ ਰਿਹਾ ਹੈ। ਬੇਟੇ ਦੇ ਇਲਾਜ ਹਿੱਤ ਖਰਚ ਹੋਣ ਵਾਲੀ ਰਕਮ ਇਕੱਠੀ ਕਰਨ ਵਿਚ ਜੁਟਿਆ ਪਿਤਾ ਸ਼ੁੱਕਰਵਾਰ ਨੂੰ ਸਵੇਰ 11 ਵਜੇ ਘਰ ਨੂੰ ਤਾਲੇ ਲਾ ਕੇ ਸਾਹਨੇਵਾਲ ਸਥਿਤ ਆਪਣੀ ਫੈਕਟਰੀ ਵਿਚ ਚਲਾ ਗਿਆ। ਪਿੱਛਿਓਂ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਚੋਰਾਂ ਨੇ ਅਲਮਾਰੀ 'ਚ ਰੱਖੀ 20 ਲੱਖ ਰੁਪਏ ਦੀ ਨਕਦੀ, 25 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਦੁੱਗਰੀ ਪੁਲਸ ਮੌਕੇ 'ਤੇ ਪੁੱਜੀ ਅਤੇ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਚੋਰਾਂ ਦੀ ਪਛਾਣ ਹਿੱਤ ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਨੌਜਵਾਨ ਬੇਟੇ ਨੂੰ ਲੱਗੀ ਗੰਭੀਰ ਬੀਮਾਰੀ ਤੋਂ ਪ੍ਰੇਸ਼ਾਨ ਪਰਿਵਾਰ ਨੇ ਇਲਾਜ ਲਈ ਇਕੱਠੀ ਕੀਤੀ 20 ਲੱਖ ਰੁਪਏ ਦੀ ਨਕਦੀ ਅਤੇ ਗਹਿਣਿਆਂ ਦੀ ਚੋਰੀ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਦੇ ਬਾਕੀ ਮੈਂਬਰ ਦਿੱਲੀ ਸਥਿਤ ਹਸਪਤਾਲ ਵਿਚ ਦਿਨ-ਰਾਤ ਇਕ ਕਰ ਰਹੇ ਸਨ। ਦੂਜੇ ਪਾਸੇ ਰਮੇਸ਼ ਗਰਗ ਸਾਰੇ ਸਾਧਨਾਂ ਰਾਹੀਂ ਪੈਸੇ ਇਕੱਠੇ ਕਰਨ 'ਚ ਲੱਗੇ ਹੋਏ ਹਨ। ਅਜਿਹੇ ਵਿਚ ਚੋਰੀ ਦੀ ਘਟਨਾ ਨੇ ਪਰਿਵਾਰ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ।
ਨਸ਼ੇ ਵਾਲੀਆਂ ਗੋਲੀਆਂ, ਮੋਟਰਸਾਈਕਲ ਤੇ ਹੈਰੋਇਨ ਨਾਲ ਲਿਬੜੀ ਪੰਨੀ ਸਮੇਤ 2 ਗ੍ਰਿਫਤਾਰ
NEXT STORY