ਲੁਧਿਆਣਾ/ਅੰਮ੍ਰਿਤਸਰ (ਧੀਮਾਨ/ਇੰਦਰਜੀਤ) - ਰਸ਼ੀਆ-ਯੂਕ੍ਰੇਨ ਜੰਗ ਨਾਲ ਪੂਰੀ ਦੁਨੀਆ ਹਿੱਲ ਗਈ ਹੈ। ਸਾਰੇ ਦੇਸ਼ਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਫਰਕ ਇੰਨਾ ਹੈ ਕਿ ਕੋਈ ਪ੍ਰਤੱਖ ਰੂਪ ਨਾਲ ਪ੍ਰਭਾਵਿਤ ਹੋ ਰਿਹਾ ਹੈ ਤਾਂ ਕੋਈ ਅਪ੍ਰਤੱਖ ਤੌਰ ’ਤੇ। ਭਾਰਤ ’ਤੇ ਵੀ ਇਸਦਾ ਅਪ੍ਰਤੱਖ ਤੌਰ ’ਤੇ ਬਹੁਤ ਅਸਰ ਹੋ ਰਿਹਾ ਹੈ। ਰੇਟਿੰਗ ਇੰਡੀਆ ਏਜੰਸੀ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਜੰਗ ਕਾਰਨ ਭਾਰਤ ਨੂੰ ਚਾਲੂ ਸਾਲ ’ਚ 600 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਭਾਰਤ ਨੂੰ ਰੂਸ ਕੱਚਾ ਤੇਲ, ਦਵਾਈਆਂ ਦਾ ਮਟੀਰੀਅਲ, ਲੋਹਾ, ਪੇਪਰ, ਇਸਪਾਤ, ਨਿਊਕਲੀਅਰ ਪਲਾਂਟ ਲਈ ਯੰਤਰ, ਖਣਿਜ ਤੇਲ ਆਦਿ ਚੀਜ਼ਾ ਲਗਾਤਾਰ ਦਰਾਮਦ ਕਰ ਰਿਹਾ ਹੈ। ਉੱਧਰ ਭਾਰਤ ਵੱਲੋਂ ਰੂਸ ਨੂੰ ਵੀ ਚਾਹ, ਆਟੋ ਪਾਰਟਸ, ਬਰਾਡਕਾਸਟਿੰਗ ਇਕੁਅਪਮੈਂਟ, ਫਾਰਮਾਸਿਊਟੀਕਲ ਪ੍ਰੋਡਕਟ, ਇਲੈਕਟ੍ਰਾਨਿਕ ਮਸ਼ੀਨਰੀ, ਭੋਜਨ ਉਤਪਾਦ, ਪੈਸੇਂਜਰ ਜਹਾਜ਼ਾਂ ਦੇ ਪੁਰਜ਼ੇ, ਆਰਗੈਨਿਕ ਕੈਮੀਕਲ, ਮਸਾਲੇ, ਹੌਜ਼ਰੀ, ਗਾਰਮੈਂਟ ਐਂਡ ਟੈਕਸਟਾਈਲ ਸਣੇ 50 ਦੇ ਕਰੀਬ ਵਸਤਾਂ ਜਾ ਰਹੀਆਂ ਹਨ।
ਰੂਸ ਦੀ 30 ਫ਼ੀਸਦੀ ਖਪਤ ਹੋਣ ਵਾਲੀ ਚਾਹ ਦੀ ਸਪਲਾਈ ਭਾਰਤ ਤੋਂ ਹੁੰਦੀ ਹੈ। ਰੂਸ ਤੋਂ ਭਾਰਤ 6.90 ਬਿਲੀਅਨ ਡਾਲਰ ਦੀ ਦਰਾਮਦ ਕਰਦਾ ਹੈ, ਜਦਕਿ ਭਾਰਤ ਵੱਲੋਂ ਰੂਸ ਨੂੰ 2.55 ਬਿਲੀਅਨ ਡਾਲਰ ਦੀ ਬਰਾਮਦ ਹੁੰਦੀ ਹੈ, ਜੇਕਰ ਗੱਲ ਪੰਜਾਬ ਦੀ ਹੋਵੇ ਤਾਂ ਇਕੱਲੇ ਪੰਜਾਬ ਤੋਂ ਹੋਣ ਵਾਲੀ ਤਕਰੀਬਨ 1980 ਕਰੋਡ਼ ਰੁਪਏ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਹੁਣ ਜੇਕਰ ਹਾਲਾਤ ਸੁਧਰ ਵੀ ਜਾਣ ਤਾਂ ਵੀ ਘੱਟ ਤੋਂ ਘੱਟ ਦੋ-ਤਿੰਨ ਸਾਲ ਬਰਾਮਦ ਦਾ ਅੰਕੜਾ ’ਤੇ ਨਹੀਂ ਜਾਵੇਗਾ ਪਰ ਇਹ ਵੀ ਤਦ ਸੰਭਵ ਹੈ, ਜੇਕਰ ਰਸ਼ਿਆ ਭਵਿੱਖ ’ਚ ਕਿਸੇ ਹੋਰ ਦੇਸ਼ ’ਤੇ ਹਮਲਾ ਨਹੀਂ ਕਰੇਗਾ। ਫਿਲਹਾਲ ਵੱਖ-ਵੱਖ ਖੇਤਰਾਂ ਨਾਲ ਜੁਡ਼ੇ ਵੱਡੇ ਬ੍ਰਾਂਡ ਨਿਰਮਾਤਾਵਾਂ ਨੇ ਰਸ਼ੀਆ ਨਾਲ ਕਾਰੋਬਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ’ਚ ਐਪਲ ਦਾ ਨਾਂ ਸਭ ਤੋਂ ਉੱਤੇ ਹੈ। ਇਸੇ ਤਰ੍ਹਾਂ ਹੁਣ ਭਾਰਤ ਤੋਂ ਵੀ ਕਈ ਵੱਖ-ਵੱਖ ਖੇਤਰਾਂ ਤੋਂ ਕਾਰੋਬਾਰੀਆਂ ਨੇ ਰਸ਼ੀਆ ਨਾਲ ਕਾਰੋਬਾਰੀ ਡੀਲ ਕਰਨ ’ਤੇ ਰੋਕ ਲਾਉਣ ਦਾ ਮਨ ਬਣਾ ਲਿਆ ਹੈ।
ਰੂਬਲ ਨੇ ਦਿੱਤਾ ਝਟਕਾ
ਅਮਰੀਕਾ ਤੇ ਹੋਰ ਤਾਕਤਵਰ ਦੇਸ਼ਾਂ ਦੇ ਮੁਕਾਬਲੇ ਰੂਸ ਦੀ ਮਾਲੀ ਹਾਲਤ ਪਹਿਲਾਂ ਹੀ ਕਮਜ਼ੋਰ ਹੈ। ਉੱਧਰ ਕਈ ਦੇਸ਼ਾਂ ਵੱਲੋਂ ਸਵੀਕਾਰ ਨਾ ਕਰਨ ਕਾਰਨ ਰੂਸ ਦੀ ਮੁਦਰਾ ਰੂਬਲ 40 ਫ਼ੀਸਦੀ ਕਮਜ਼ੋਰ ਹੋ ਗਈ ਹੈ। ਇਸ ਦੇ ਨਾਲ ਰੋਜ਼ਾਨਾ ਡੇਢ ਲੱਖ ਕਰੋਡ਼ ਦਾ ਨੁਕਸਾਨ ਰੂਸ ਲਈ ਹੋਰ ਵੀ ਅਸਿਹਣਸ਼ੀਲ ਹੈ। ਰਸ਼ੀਆ ਦੀ ਕਰੰਸੀ ਰੂਬਲ ਭਾਰਤੀ ਰੁਪਏ ਦੇ ਮੁਕਾਬਲੇ 0.93 ਪੈਸੇ ਤੋਂ ਹੇਠਾਂ ਡਿੱਗ ਕੇ 0.63 ਪੈਸੇ ’ਤੇ ਆ ਗਈ ਹੈ, ਜਿਸ ਨਾਲ ਬਰਾਮਦਕਾਰਾਂ ਨੂੰ ਕਾਫ਼ੀ ਝਟਕਾ ਲੱਗਾ ਹੈ।
ਰਸ਼ੀਆ ’ਚ ਬੈਠੇ ਕਾਰੋਬਾਰੀਆਂ ਨੇ ਪਹਿਲਾਂ ਤਾਂ ਪੇਮੈਂਟ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਤੇ ਉੱਪਰੋਂ ਜਿਨ੍ਹਾਂ ਦੀ ਪੇਮੈਂਟ ਜੰਗ ਲੱਗਾਂ ਤੋਂ ਪਹਿਲਾਂ ਬੈਂਕਾਂ ’ਚ ਆਉਣੀ ਸੀ, ਉਨ੍ਹਾਂ ਦੀ ਭਾਰਤ ’ਚ ਆਉਂਦਿਆਂ-ਆਉਂਦਿਆਂ ਕੀਮਤ ਘੱਟ ਹੋ ਗਈ ਹੈ। ਉਨ੍ਹਾਂ ਕਾਰੋਬਾਰੀਆਂ ਦੀ ਮੁਸ਼ਕਿਲ ਸਭ ਤੋਂ ਜ਼ਿਆਦਾ ਵਧੀ ਹਾਂ, ਜਿਨ੍ਹਾਂ ਦਾ ਸਾਮਾਨ ਰਸਤੇ ’ਚ ਹੈ ਤੇ ਹੁਣ ਰਸ਼ੀਆ ਤੱਕ ਨਹੀ ਪਹੁੰਚ ਸਕੇਗਾ। ਉਨ੍ਹਾਂ ਦੀ ਪੇਮੈਂਟ ਤਾਂ ਫਸੀ ਹੀ, ਨਾਲ ਹੀ ਲੜਾਈ ਕਾਰਨ ਮਾਲ ਕੰਟੇਨਰਾਂ ’ਚ ਸੜਨੇ ਦੇ ਪੂਰੇ ਆਸਾਰ ਵੀ ਬਣ ਗਏ ਹਨ।
ਲੁਧਿਆਣਾ ਰਿਹੈ ਰਸ਼ੀਆ ਦਾ ਹੌਜ਼ਰੀ ਐਕਸਪੋਰਟਰ
ਪੰਜਾਬ ਤੋਂ ਆਟੋ ਪਾਰਟਸ, ਇਲੈਕਟ੍ਰੀਕਲ ਇਕੁਅਪਵਮੈਂਟ, ਹਾਰਡਵੇਅਰ, ਫੁੱਟਵੀਅਰ, ਗਾਰਮੈਂਟ ਐਂਡ ਟੈਕਸਟਾਈਲ, ਹੈਂਡ ਟੂਲਸ, ਰਬੜ ਤੇ ਪਲਾਸਟਿਕ ਪਾਰਟਸ ਤੇ ਸੇਰੇਲਸ ਮੁੱਖ ਹੈ। ਕਦੇ ਇਕ ਅਜਿਹਾ ਦੌਰ ਸੀ, ਜਦ ਲੁਧਿਆਣਾ ਹੌਜ਼ਰੀ ਉਦਯੋਗ ਲਈ ਰਸ਼ੀਆ ਮੁੱਖ ਮੰਡੀ ਸੀ ਤੇ ਇੱਥੋਂ ਅੱਜ ਤੋਂ 20 ਸਾਲ ਪਹਿਲਾਂ ਕਰੀਬ 2000 ਕਰੋਡ਼ ਰੁਪਏ ਤੋਂ ਵੱਧ ਦੀ ਬਰਾਮਦ ਹੁੰਦੀ ਸੀ, ਜੋ ਹੁਣ ਘੱਟ ਕੇ ਸਿਰਫ 100 ਕਰੋਡ਼ ’ਤੇ ਆ ਗਿਆ ਹੈ ਪਰ ਇਸ ਦੇ ਉਲਟ ਟੈਕਸਟਾਈਲ ਦੀ ਬਰਾਮਦ ’ਚ ਵਾਧਾ ਜ਼ਰੂਰ ਹੋਇਆ ਹੈ, ਜੋ ਅੱਜ ਲੁਧਿਆਣਾ ਤੋਂ 400 ਕਰੋਡ਼ ਰੁਪਏ ਦਾ ਹੋ ਰਿਹਾ ਹੈ। ਕੁੱਲ ਮਿਲਾ ਕੇ 1980 ਕਰੋਡ਼ ਰੁਪਏ ਦੀ ਬਰਾਮਦ ਭਵਿੱਖ ’ਚ ਵੀ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ।
ਅੰਮ੍ਰਿਤਸਰ ਦੇ ਚੌਲਾਂ ਦੇ ਕੰਟੇਨਰ ਫਸੇ
ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਦੇ ਇਕ ਸਥਾਨਕ ਬਰਾਮਦਕਾਰ ਦੇ ਚੌਲਾਂ ਦੇ 2 ਦਰਜਨ ਤੋਂ ਜ਼ਿਆਦਾ ਕੰਟੇਨਰ ਰਸਤੇ ’ਚ ਫਸ ਗਏ ਹਨ । ਇਸ ਕਾਰਨ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪਤਾ ਚੱਲਿਆ ਹੈ ਕਿ ਜਿਸ ਦਿਨ ਜੰਗ ਛਿੜੀ ਉਸ ਦਿਨ ਕੁਝ ਕੰਟੇਨਰ ਭੇਜੇ ਗਏ ਸਨਸ, ਜੋ ਹੁਣ ਯੂਕ੍ਰੇਨ ਦੇ ਰਸਤੇ ’ਚ ਹਨ , ਜਿਸ ਦਿਨ ਜੰਗ ਛਿੜੀ ਉਸ ਦਿਨ ਯੂਕ੍ਰੇਨ ਦੀ ਬੰਦਰਗਾਹ ’ਤੇ 6 ਕੰਟੇਨਰ ਉੱਤਰੇ ਸਨ। ਮੌਜੂਦਾ ਹਾਲਾਤ ਕਾਰਨ ਲੱਗਭਗ ਅੱਧਾ ਦਰਜਨ ਕੰਟੇਨਰਾਂ ਨੂੰ ਹੁਣ ਦੂਜੇ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ। ਇਸ ’ਚ ਪੰਜਾਬ ਰਾਈਸ ਮਿਲਰਸ ਐਂਡ ਐਕਸਪੋਰਟਰਸ ਐਸੋਸੀਏਸ਼ਨ ਨੇ ਆਪਣੇ ਇਸ ਮਾਮਲੇ ’ਚ ਕੇਂਦਰ ਤੋਂ ਤੱਤਕਾਲ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
500 ਮਿਲੀਅਨ ਡਾਲਰ ਰੂਸ ’ਚ ਫਸ ਗਏ
ਰੂਸ ਤੇ ਯੂਕ੍ਰੇਨ ’ਚ ਜਾਰੀ ਜੰਗ ਵਿਚਾਲੇ ਕਈ ਯੂਰਪੀ ਦੇਸ਼ਾਂ ਨੇ ਰੂਸ ’ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਉਸ ’ਤੇ ਆਰਥਿਕ ਲਗਾਮਾਂ ਵੀ ਲਾਈਆਂ ਗਈਆਂ ਹਨ। ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਅਸਰ ਭਾਰਤ ਦੇ ਬਰਾਮਦਕਾਰਾਂ ’ਤੇ ਵੀ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਭਾਰਤ ਦੇ ਬਰਾਮਦਕਾਰਾਂ ਦਾ ਰੂਸ ’ਚ ਲੱਗਭਗ 400-500 ਮਿਲੀਅਨ ਡਾਲਰ ਦਾ ਭੁਗਤਾਨ ਪੈਂਡਿੰਗ ਹੈ ਤੇ ਉਹ ਪੱਛਮੀ ਦੇਸ਼ਾਂ ਵੱਲੋਂ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਆਪਣੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ ਇਕ ਤੰਤਰ ਤਿਆਰ ਕਰਨ ਲਈ ਭਾਰਤ ਸਰਕਾਰ ਨਾਲ ਚਰਚਾ ’ਚ ਲੱਗੇ ਹੋਏ ਹਨ। ਇਸ ’ਚ 10 ਹਜ਼ਾਰ ਡਾਲਰ ਤੋਂ ਵੱਧ ਵਿਦੇਸ਼ੀ ਮੁਦਰਾ ਨਾਲ ਰੂਸ ਛੱਡਣ ’ਤੇ ਰੋਕ ਲਾ ਦਿੱਤੀ ਗਈ ਹੈ।
ਬੁਰੇ ਫਸਣਗੇ ਕਾਰੋਬਾਰੀ
ਨਿਟਵੀਅਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਦਾ ਕਹਿਣਾ ਹੈ ਕਿ ਜੰਗ ਕਾਰਨ ਬਹੁਤ ਸਾਰਾ ਮਾਲ ਰਸਤੇ ’ਚ ਫਸ ਰਿਹਾ ਹੈ, ਜੇਕਰ ਹਾਲਾਤ ਇਹੀ ਰਹੇ ਤੇ ਮਾਲ ਰਸਤਿਆਂ ’ਚ ਰੁਕਿਆ ਰਿਹਾ ਤਾਂ ਪੰਜਾਬ ਦੇ ਕਾਰੋਬਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਮਾਲ ਦੇ ਰੁਕਣ ਕਾਰਨ ਇਸ ’ਚ ਕਾਫ਼ੀ ਸਾਮਾਨ ਦਾ ਖ਼ਰਾਬ ਹੋਣਾ ਤੈਅ ਹੈ। ਇਸ ਤੋਂ ਬਾਅਦ ਦੂਜੀ ਜੋ ਸਭ ਤੋਂ ਵੱਡੀ ਮੁਸ਼ਕਿਲ ਆਉਣ ਵਾਲੀ ਹੈ, ਉਹ ਹੈ ਪੇਮੈਂਟ ਫਸਣਾ। ਰਸ਼ੀਆ ਦੀ ਕਰੰਸੀ ਦੇ ਮੁੱਲ ਹੇਠਾਂ ਡਿੱਗਣ ਨਾਲ ਵੀ ਨੁਕਸਾਨ ਹੋਵੇਗਾ। ਵਜ੍ਹਾ, ਜੇਕਰ ਕੋਈ ਰਸ਼ੀਅਨ ਕਾਰੋਬਾਰੀ ਪੇਮੈਂਟ ਰੂਬਲ ’ਚ ਕਰਦਾ ਹੈ ਤਾਂ ਉਸ ਨੂੰ ਹੁਣ ਭਾਰਤੀ ਰੁਪਏ ਦੇ ਮੁਕਾਬਲੇ ਕਾਫ਼ੀ ਘੱਟ ਪੈਸੇ ਮਿਲਣਗੇ , ਜਿਸ ਨਾਲ ਕਈ ਕਾਰੋਬਾਰੀਆਂ ਦੀ ਤਾਂ ਉਤਪਾਦਨ ਲਾਗਤ ਵੀ ਪੂਰੀ ਨਹੀਂ ਹੋਵੇਗੀ ਤੇ ਕਾਰੋਬਾਰੀ ਬੁਰੀ ਤਰ੍ਹਾਂ ਨਾਲ ਫਸ ਜਾਣਗੇ। ਐਸੋਸੀਏਸ਼ਨ ਦੇ ਪੱਧਰ ’ਤੇ ਭਾਰਤ ਸਰਕਾਰ ਤੋਂ ਇਸ ਸਬੰਧੀ ਗੱਲਬਾਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਸਰਕਾਰ ਨੁਕਸਾਨ ਚੁੱਕਣ ਵਾਲੇ ਕਾਰੋਬਾਰੀਆਂ ਨੂੰ ਕੁਝ ਆਰਥਿਕ ਸਹਾਇਤਾ ਪ੍ਰਦਾਨ ਕਰ ਦੇਵੇ।
ਕਰਜ਼ਾ ਲੈ ਕੇ ਕੰਮ ਕਰਨ ਵਾਲਿਆਂ ’ਤੇ ਮਾਰ
ਫੋਪਸੀਆ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਕਹਿੰਦੇ ਹਨ ਕਿ ਜਿਨ੍ਹਾਂ ਬਰਾਮਦਕਾਰਾਂ ਨੇ ਕਰਜ਼ਾ ਲੈ ਕੇ ਬਰਾਮਦ ਕੀਤੀ ਹੈ, ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਬੈਂਕਾਂ ਨੇ ਜੰਗ ਨੂੰ ਵੇਖਦਿਆਂ ਪੈਸੇ ਜਮ੍ਹਾ ਕਰਵਾਉਣ ਲਈ ਬਰਾਮਦਕਾਰਾਂ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਰਜ਼ੇ ਦੀ ਮਿਆਦ ਵਧਾਉਣ ਲਈ ਵੀ ਬੈਂਕਾਂ ਨੇ ਮਨ੍ਹਾ ਕਰ ਦਿੱਤਾ ਹੈ । ਰਸ਼ੀਆ ਨਾਲ ਕਾਰੋਬਾਰ ਕਰਨ ਵਾਲੇ ਬਰਾਮਦਕਾਰ ਇਕਦਮ ਖਾਮੋਸ਼ ਹੋ ਕੇ ਬੈਠ ਗਏ ਹਨ। ਇਨ੍ਹਾਂ ਬਰਾਮਦਕਾਰਾਂ ਲਈ ਆਉਣ ਵਾਲਾ ਸਮਾਂ ਬੇਹੱਦ ਖ਼ਰਾਬ ਹੈ, ਜੇਕਰ ਇਹੀ ਹਾਲਾਤ ਰਹੇ ਤਾਂ ਬਰਾਮਦਕਾਰਾਂ ਦਾ ਇਸ ਦੌਰ ’ਚੋਂ ਨਿਕਲਣਾ ਸੌਖਾ ਨਹੀਂ ਹੋਵੇਗਾ। ਸਮੱਸਿਆ ਦੇ ਹੱਲ ਲਈ ਹੁਣ ਸਰਕਾਰ ਤੋਂ ਹੀ ਇਕ ਉਮੀਦ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ ਕਿ ਬਰਾਮਦਕਾਰਾਂ ਨੂੰ ਆਰਥਿਕ ਪੈਕੇਜ ਦਿੱਤਾ ਜਾਵੇ।
ਪੰਜਾਬ ਤੋਂ ਰਸ਼ੀਆ ਨੂੰ ਬਰਾਮਦ ਹੋਣ ਵਾਲੀਆਂ ਵਸਤਾਂ
ਆਟੋ ਪਾਰਟਸ                                   50 ਕਰੋੜ
ਹਾਰਡਵੇਅਰ                                   300 ਕਰੋੜ
ਫੁੱਟਵੀਅਰ                                       30 ਕਰੋੜ
ਹੌਜ਼ਰੀ                                             100 ਕਰੋੜ
ਟੈਕਸਟਾਈਲ                                  400 ਕਰੋੜ
ਹੈਂਡ ਟੂਲਸ                                       50 ਕਰੋੜ
ਸੇਰੇਲਸ                                         200 ਕਰੋੜ
ਰਬੜ ਪਲਾਸਟਿਕ ਪਾਰਟਸ              300 ਕਰੋੜ
ਇਲੈਕਟ੍ਰੀਕਲ ਇਕਿਊਪਮੈਂਟਸ           500 ਕਰੋੜ
ਫਗਵਾੜਾ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ, ਸਬਜ਼ੀ ਮੰਡੀ 'ਚ ਬਾਥਰੂਮ 'ਚੋਂ ਮਿਲੀ ਲਾਸ਼
NEXT STORY